ਪੰਜਾਬ ਕਾਂਗਰਸ: ਅੰਦਰੂਨੀ ਕਲੇਸ਼ ਵਧਣ ਦੇ ਆਸਾਰ
ਤਰਨ ਤਾਰਨ ਚੋਣਾਂ ਮਗਰੋਂ ਪਾਰਟੀ ਵਿੱਚ ਫੁੱਟ ਪੈਣ ਦਾ ਰੌਲਾ ਬੇਬੁਨਿਆਦ: ਵੜਿੰਗ
ਪੰਜਾਬ ਕਾਂਗਰਸ ’ਚ ਤਰਨ ਤਾਰਨ ਦੀ ਜ਼ਿਮਨੀ ਚੋਣ ਮਗਰੋਂ ਅੰਦਰੂਨੀ ਕਲੇਸ਼ ਵਧਣ ਦੀ ਸੰਭਾਵਨਾ ਹੈ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ’ਚ ਲੜੀ ਇਸ ਚੋਣ ’ਚ ਕਾਂਗਰਸੀ ਉਮੀਦਵਾਰ ਕਰਨਬੀਰ ਸਿੰਘ ਆਪਣੀ ਜ਼ਮਾਨਤ ਵੀ ਨਹੀਂ ਬਚਾਅ ਸਕਿਆ। ਪੰਜਾਬ ਕਾਂਗਰਸ ਦੇ ਕਈ ਆਗੂ ਅੰਦਰੋ-ਅੰਦਰੀ ਇਸ ਗੱਲੋਂ ਧਰਵਾਸ ’ਚ ਹਨ ਕਿ ਪਾਰਟੀ ਹਾਈਕਮਾਨ ਜਦੋਂ ਖ਼ੁਦ ਬਿਹਾਰ ਚੋਣਾਂ ’ਚ ਬੁਰੀ ਤਰ੍ਹਾਂ ਹਾਰ ਗਈ ਹੈ ਤਾਂ ਇਸ ਤਰ੍ਹਾਂ ਦੇ ਸਿਆਸੀ ਮਾਹੌਲ ’ਚ ਹਾਈਕਮਾਨ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਤਾੜਨ ਦਾ ਇਖ਼ਲਾਕੀ ਹੱਕ ਗੁਆ ਬੈਠੀ ਹੈ।
ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ’ਚ ਪੰਜਾਬ ਕਾਂਗਰਸ ਦੇ ਆਗੂਆਂ ਦੇ ਧੜੇ ਪ੍ਰਤੱਖ ਰੂਪ ਵਿੱਚ ਸਾਹਮਣੇ ਆ ਗਏ ਸਨ। ਤਰਨ ਤਾਰਨ ਜ਼ਿਮਨੀ ਚੋਣ ’ਚ ਧੜੇਬੰਦੀ ਬਾਹਰੀ ਤੌਰ ’ਤੇ ਬਹੁਤੀ ਨਜ਼ਰ ਨਹੀਂ ਆਈ ਪਰ ਕਾਂਗਰਸੀ ਆਗੂਆਂ ਨੇ ਅੰਦਰੋ-ਅੰਦਰੀ ਇੱਕ-ਦੂਜੇ ਨੂੰ ਠਿੱਬੀ ਲਾਉਣ ਦਾ ਕੋਈ ਮੌਕਾ ਖੁੰਝਣ ਨਹੀਂ ਦਿੱਤਾ। ਕਾਂਗਰਸੀ ਉਮੀਦਵਾਰ ਕਰਨਬੀਰ ਸਿੰਘ ਨੂੰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਥਾਪੜਾ ਸੀ ਅਤੇ ਰਾਜਾ ਵੜਿੰਗ ਦੀ ਬੋਲ-ਬਾਣੀ ਨਵੀਂ ਲਾਈਨ ਖਿੱਚ ਰਹੀ ਸੀ। ਕਾਂਗਰਸ ਹਾਈਕਮਾਨ ਖ਼ੁਦ ਇਸ ਵੇਲੇ ਬਿਹਾਰ ਚੋਣਾਂ ’ਚ ਹਾਰ ਕਾਰਨ ਸਦਮੇ ’ਚ ਹੈ।
ਸਿਆਸੀ ਮਾਹਿਰਾਂ ਮੁਤਾਬਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਧਾਨਗੀ ’ਤੇ ਹੁਣ ਸੁਆਲ ਉੱਠਣੇ ਸੁਭਾਵਿਕ ਹਨ। ਪੰਜਾਬ ਕਾਂਗਰਸ ’ਚ ਅਜਿਹਾ ਕੋਈ ਮਲਵਈ ਨੇਤਾ ਨਹੀਂ, ਜੋ ਸਮੁੱਚੇ ਪੰਜਾਬ ’ਚ ਆਪਣਾ ਅਧਾਰ ਰੱਖਦਾ ਹੋਵੇ, ਧਾਕੜ ਸੁਭਾਅ ਦਾ ਵੀ ਹੋਵੇ ਤੇ ਵਿੱਤੀ ਤੌਰ ’ਤੇ ਮਜ਼ਬੂਤ ਵੀ ਹੋਵੇ। ਆਮ ਲੋਕਾਂ ’ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਮ ਆ ਰਿਹਾ ਹੈ, ਜਦੋਂਕਿ ਮਾਝੇ ’ਚੋਂ ਸੁਖਜਿੰਦਰ ਸਿੰਘ ਰੰਧਾਵਾ ਅਤੇ ਦੁਆਬੇ ’ਚੋਂ ਰਾਣਾ ਗੁਰਜੀਤ ਸਿੰਘ ਦਾ ਨਾਮ ਵੀ ਚਰਚਾ ’ਚ ਹੈ। ਕਾਂਗਰਸ ਹਾਈ ਕਮਾਨ ਵੱਲੋਂ ਹਾਲ ’ਚ ਹੀ ਜੋ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਉਸ ’ਤੇ ਵੜਿੰਗ ਦੀ ਛਾਪ ਨਜ਼ਰ ਆ ਰਹੀ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਲਈ ਚੋਣ ’ਚ ਜ਼ਮਾਨਤ ਜ਼ਬਤ ਵਾਲੀ ਹਾਰ ਸਿਆਸੀ ਤੌਰ ’ਤੇ ਝਟਕਾ ਦੇਣ ਵਾਲੀ ਹੈ ਕਿਉਂਕਿ ਬਾਜਵਾ ਨੇ ਆਪਣਾ ਪ੍ਰਭਾਵ ਵਰਤ ਕੇ ਆਪਣੇ ਨੇੜਲੇ ਕਰਨਬੀਰ ਸਿੰਘ ਨੂੰ ਤਰਨ ਤਾਰਨ ਦੇ ਚੋਣ ਮੈਦਾਨ ’ਚ ਉਤਾਰਿਆ ਸੀ।
ਇਸੇ ਦੌਰਾਨ ਰਾਜਾ ਵੜਿੰਗ ਨੇ ਅੱਜ ਜਾਰੀ ਬਿਆਨ ’ਚ ਪੰਜਾਬ ਵਿਚਲੀ ਲੀਡਰਸ਼ਿਪ ’ਚ ਕਿਸੇ ਤਰ੍ਹਾਂ ਦੀ ਫੁੱਟ ਪੈਣ ਸਬੰਧੀ ਕਿਆਸਾਂ ਨੂੰ ਹਾਸੋਹੀਣਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਤਰਨ ਤਾਰਨ ਦੀ ਸੀਟ ਪੰਥਕ ਹੈ ਅਤੇ ਕਾਂਗਰਸ ਇਸ ਸੀਟ ਤੋਂ ਸਿਰਫ਼ ਇੱਕ ਵਾਰ ਹੀ ਜਿੱਤੀ ਹੈ। ਚੋਣ ’ਚ ਕਾਂਗਰਸ ਨੇ ਏਕਤਾ ਨਾਲ ਚੰਗਾ ਪ੍ਰਦਰਸ਼ਨ ਕੀਤਾ ਹੈ। ਤਰਨ ਤਾਰਨ ਵਿੱਚ ਪਾਰਟੀ ਸਾਰੀਆਂ ਮੁਸ਼ਕਲਾਂ ਦੇ ਵਿਰੁੱਧ ਖੜ੍ਹੀ ਸੀ। ਇੱਕ ਪਾਸੇ ਪੁਲੀਸ ਹਾਕਮ ਧਿਰ ਦੇ ਉਮੀਦਵਾਰ ਲਈ ਕੰਮ ਕਰ ਰਹੀ ਸੀ ਤੇ ਦੂਜੇ ਪਾਸੇ ਗੈਂਗਸਟਰ ਕਾਂਗਰਸੀ ਵਰਕਰਾਂ ਨੂੰ ਡਰਾ ਰਿਹਾ ਸੀ। ਉਨ੍ਹਾਂ ਕਿਹਾ ਕਿ ਹਰ ਕਾਂਗਰਸੀ ਨੇਤਾ ਨੇ ਚੋਣ ’ਚ ਪ੍ਰਚਾਰ ਕੀਤਾ। ‘ਆਪ’ ਨੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਕੇ ਜ਼ਿਮਨੀ ਚੋਣ ਜਿੱਤੀ ਹੈ। ਕਾਂਗਰਸ ਹਾਰ ਦੇ ਕਾਰਨਾਂ ਦੀ ਘੋਖ ਕਰੇਗੀ ਅਤੇ 2027 ਦੀ ਵੱਡੀ ਸਿਆਸੀ ਲੜਾਈ ਲਈ ਪਾਰਟੀ ਪੂਰੀ ਤਰ੍ਹਾਂ ਤਿਆਰ ਹੈ।

