ਪੰਜਾਬ ਕਾਂਗਰਸ ਵੱਲੋਂ ਹੜ੍ਹ ਰਾਹਤ ਲਈ ਕਮਰ ਕੱਸੇ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚੋਂ ਕਾਂਗਰਸੀ ਆਗੂ ਅਤੇ ਕਾਰਕੁਨ ਸਮੁੱਚੇ ਰੂਪ ਵਿੱਚ 70 ਤੋਂ 80 ਲੱਖ ਰੁਪਏ ਦੀ ਮਦਦ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਵਾਸਤੇ ਕਰਨਗੇ। ਉਹ ਇਸੇ ਮੰਤਵ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੀਟਿੰਗਾਂ ਕਰ ਰਹੇ ਹਨ। ਅੱਜ ਸ਼ਾਮ ਇੱਥੇ ਕਾਂਗਰਸ ਆਗੂਆਂ ਨਾਲ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਫਿਰੋਜ਼ਪੁਰ ਲੋਕ ਸਭਾ ਹਲਕੇ ਵਿੱਚ ਅਤੇ ਉਸ ਤੋਂ ਬਾਅਦ ਲੁਧਿਆਣਾ ਵਿਖੇ ਇਸ ਸਬੰਧੀ ਮੀਟਿੰਗ ਕੀਤੀ ਹੈ। ਉੱਥੇ ਵੀ ਕਾਂਗਰਸੀ ਆਗੂਆਂ ਵੱਲੋ ਵੱਡੇ ਪੱਧਰ ’ਤੇ ਹੜ੍ਹ ਪੀੜਤਾਂ ਵਾਸਤੇ ਮਦਦ ਲਈ ਆਪਣੀ ਜੇਬ੍ਹ ਵਿੱਚੋਂ ਰਕਮ ਦੇਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਇਸ ਸਬੰਧ ਵਿੱਚ ਆਖਿਆ ਗਿਆ ਸੀ ਕਿ ਸਮੂਹ ਕਾਂਗਰਸੀ ਹੜ੍ਹ ਪੀੜਤਾਂ ਦੀ ਮਦਦ ਵਾਸਤੇ ਅੱਗੇ ਆਉਣ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਂਗਰਸੀਆਂ ਵੱਲੋਂ 70 ਤੋਂ 80 ਲੱਖ ਰੁਪਏ ਹੜ੍ਹ ਪੀੜਤ ਇਲਾਕਿਆਂ ਵਿੱਚ ਰਾਹਤ ਸਮੱਗਰੀ ਵੱਜੋਂ ਵੰਡਣ ਦਾ ਪ੍ਰਣ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੀ ਆਪਣੇ ਅਖਤਿਆਰੀ ਫੰਡ ਵਿੱਚੋਂ ਵੱਧ ਤੋਂ ਵੱਧ ਰਕਮ ਹੜ੍ਹ ਪੀੜਤਾਂ ਦੀ ਮਦਦ ਲਈ ਦੇਣਗੇ। ਇਸ ਸਬੰਧ ਵਿੱਚ ਇੱਕ ਹ੍ਵੜ ਰਾਹਤ ਕਮੇਟੀ ਵੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵੀ ਆਪਣੇ ਰੁਝੇਵੇਂ ਖ਼ਤਮ ਕਰ ਕੇ ਜਲਦ ਹੀ ਪੰਜਾਬ ਦਾ ਦੌਰਾ ਕਰਨਗੇ।