ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਵੱਲੋਂ ਸਰਕਾਰ ਖ਼ਿਲਾਫ਼ ਰੈਲੀ
ਮੁਲਾਜ਼ਮਾਂ ਦਾ ਡੀਏ ਦੱਬਣ ਦਾ ਦੋਸ਼; ਸਕੱਤਰੇਤ ਪ੍ਰਸ਼ਾਸਨ ਵੱਲੋਂ ਐਕਸ਼ਨ ਕਮੇਟੀ ਨੂੰ ਮੀਟਿੰਗ ਦਾ ਸੱਦਾ
ਕੁਲਦੀਪ ਸਿੰਘ
ਚੰਡੀਗੜ੍ਹ, 18 ਜੂਨ
ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿੱਚ ਜੁਆਇੰਟ ਐਕਸ਼ਨ ਕਮੇਟੀ ਦੇ ਬੈਨਰ ਹੇਠ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਵੱਡਾ ਇਕੱਠ ਕਰਦਿਆਂ ਰੋਸ ਰੈਲੀ ਕੀਤੀ ਗਈ ਅਤੇ ਸਰਕਾਰ ਨੂੰ ਮੰਗਾਂ ਮੰਨਣ ਦੀ ਅਪੀਲ ਕੀਤੀ। ਜਾਣਕਾਰੀ ਅਨੁਸਾਰ ਸਕੱਤਰੇਤ ਮੁਲਾਜ਼ਮਾਂ ਦੇ ਪਿਛਲੇ ਦਿਨਾਂ ਤੋਂ ਚੱਲ ਰਹੇ ਐਕਸ਼ਨਾਂ ਕਰਕੇ ਸਰਕਾਰ ਕਾਫ਼ੀ ਦਬਾਅ ਵਿੱਚ ਸੀ ਜਿਸ ਕਾਰਨ ਰੈਲੀ ਤੋਂ ਪਹਿਲਾਂ ਹੀ ਸਕੱਤਰੇਤ ਪ੍ਰਸ਼ਾਸਨ ਵੱਲੋਂ ਜੁਆਇੰਟ ਐਕਸ਼ਨ ਕਮੇਟੀ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ, ਸੁਸ਼ੀਲ ਕੁਮਾਰ ਫ਼ੌਜੀ, ਅਲਕਾ ਚੋਪੜਾ ਸਮੇਤ ਹੋਰ ਕਈ ਆਗੂਆਂ ਨੇ ਆਪਣੀਆਂ ਤਕਰੀਰਾਂ ਵਿੱਚ ਪੰਜਾਬ ਸਰਕਾਰ ਨੂੰ ਸੋਸ਼ਲ ਮੀਡੀਆ ਅਤੇ ਮਸ਼ਹੂਰੀਆਂ ਵਾਲੀ ਸਰਕਾਰ ਦਾ ਦਰਜਾ ਦਿੰਦਿਆਂ ਕਿਹਾ ਕਿ ਇਹ ਸਰਕਾਰ ਪੰਜਾਬ ਦੇ ਲੋਕਾਂ ਦਾ ਜਿੰਨਾ ਪੈਸਾ ਮਸ਼ਹੂਰੀਆਂ ਅਤੇ ਮੀਡੀਆ ’ਤੇ ਖਰਚ ਕਰ ਰਹੀ ਹੈ, ਇਸ ਨਾਲ ਮੁਲਾਜ਼ਮਾਂ ਜਾਂ ਆਮ ਲੋਕਾਂ ਦਾ ਕਾਫੀ ਹੱਦ ਤੱਕ ਭਲਾ ਕੀਤਾ ਜਾ ਸਕਦਾ ਹੈ।
ਜੁਆਇੰਟ ਐਕਸ਼ਨ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਭੰਡਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਮੁਲਾਜ਼ਮਾਂ ਦਾ 13 ਫ਼ੀਸਦ ਡੀਏ ਦੀਆਂ ਤਿੰਨ ਕਿਸ਼ਤਾਂ ਦੱਬੀ ਬੈਠੀ ਹੈ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਹੁਣ ਜੇਕਰ 25 ਜੂਨ ਨੂੰ ਸਰਕਾਰ ਨਾਲ ਹੋਣ ਵਾਲੀ ਪੈਨਲ ਮੀਟਿੰਗ ਵਿੱਚ ਮੰਗਾਂ ਸਬੰਧੀ ਸਰਕਾਰ ਦੀ ਕੋਈ ਸਾਰਥਕ ਪਹੁੰਚ ਨਾ ਦਿਖੀ ਤਾਂ ਪੰਜਾਬ ਪੱਧਰ ’ਤੇ ਵੱਡੇ ਐਕਸ਼ਨਾਂ ਦਾ ਐਲਾਨ ਕਰ
ਦਿੱਤਾ ਜਾਵੇਗਾ। ਇਸ ਦੌਰਾਨ ਪੰਜਾਬ ਸਿਵਲ ਸਕੱਤਰੇਤ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਅਹੁਦੇਦਾਰਾਂ ਸਾਹਿਲ ਸ਼ਰਮਾ, ਮਿਥੁਨ ਚਾਵਲਾ, ਮਨਜੀਤ ਸਿੰਘ ਰੰਧਾਵਾ, ਜਸਵੀਰ ਕੌਰ, ਕੁਲਵੰਤ ਸਿੰਘ, ਮਲਕੀਤ ਸਿੰਘ ਔਜਲਾ ਨੇ ਸੰਬੋਧਨ ਕੀਤਾ।

