ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੰਜਾਬ ਮੰਤਰੀ ਮੰਡਲ ਵਿੱਚ ਫੇਰਬਦਲ ਹਫ਼ਤੇ ਲਈ ਟਲਿਆ

ਰਾਜਪਾਲ ਦੀ ਗ਼ੈਰਹਾਜ਼ਰੀ ਕਾਰਨ ਵਿਸਥਾਰ ਮੁਲਤਵੀ
Advertisement

ਚਰਨਜੀਤ ਭੁੱਲਰ

ਚੰਡੀਗੜ੍ਹ, 27 ਜੂਨ

Advertisement

ਪੰਜਾਬ ਕੈਬਨਿਟ ਦਾ ਫੇਰਬਦਲ ਹੁਣ ਕਰੀਬ ਇੱਕ ਹਫ਼ਤੇ ਲਈ ਟਲ ਗਿਆ ਹੈ। ਪੰਜਾਬ ਮੰਤਰੀ ਮੰਡਲ ਦੇ ਵਿਸਥਾਰ ਦਾ ਮੁਲਤਵੀ ਹੋਣ ਦਾ ਕਾਰਨ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਚੰਡੀਗੜ੍ਹ ’ਚ ਗੈਰ-ਮੌਜੂਦਗੀ ਹੋਣਾ ਦੱਸਿਆ ਜਾ ਰਿਹਾ ਹੈ। ਪਤਾ ਲੱਗਿਆ ਹੈ ਕਿ ਰਾਜਪਾਲ ਕਟਾਰੀਆ ਆਪਣੇ ਜੱਦੀ ਸ਼ਹਿਰ ਉਦੈਪੁਰ ਜਾ ਰਹੇ ਹਨ ਅਤੇ ਰਾਜਪਾਲ ਵੱਲੋਂ ਹੀ ਕੈਬਨਿਟ ਵਿਸਥਾਰ ਮੌਕੇ ਨਵੇਂ ਵਜ਼ੀਰਾਂ ਨੂੰ ਅਹੁਦੇ ਦਾ ਹਲਫ਼ ਦਿਵਾਇਆ ਜਾਣਾ ਹੁੰਦਾ ਹੈ।

ਪਤਾ ਲੱਗਿਆ ਹੈ ਕਿ ਪੰਜਾਬ ਦੇ ਰਾਜਪਾਲ 2 ਜੁਲਾਈ ਤੱਕ ਚੰਡੀਗੜ੍ਹ ਤੋਂ ਬਾਹਰ ਰਹਿਣਗੇ। ਰਾਜਪਾਲ ਦੀ ਗੈਰ-ਹਾਜ਼ਰੀ ਕਾਰਨ ਪੰਜਾਬ ਸਰਕਾਰ ਨਵੇਂ ਮੰਤਰੀਆਂ ਲਈ ਸਹੁੰ ਚੁੱਕ ਸਮਾਗਮ ਨਹੀਂ ਕਰਵਾ ਸਕੇਗੀ। ਚੇਤੇ ਰਹੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਦੋ-ਚਾਰ ਦਿਨਾਂ ’ਚ ਕੈਬਨਿਟ ਵਿਸਥਾਰ ਹੋਵੇਗਾ ਅਤੇ ਉਨ੍ਹਾਂ ਨੇ ਸੰਜੀਵ ਅਰੋੜਾ ਨੂੰ ਵਜ਼ੀਰ ਬਣਾਏ ਜਾਣ ਦੀ ਗੱਲ ਵੀ ਆਖੀ ਸੀ। ਮੁੱਖ ਮੰਤਰੀ ਨੇ ਰਾਜਪਾਲ ਨਾਲ ਮੀਟਿੰਗ ਕਰਨ ਤੋਂ ਬਾਅਦ ਇਹ ਜਾਣਕਾਰੀ ਦਿੱਤੀ ਸੀ। ਪੰਜਾਬ ਸਰਕਾਰ ਨੇ ਪਹਿਲਾਂ ਇਸੇ ਹਫ਼ਤੇ ਕੈਬਨਿਟ ਵਿੱਚ ਫੇਰਬਦਲ ਕਰਨ ਦੀ ਯੋਜਨਾ ਬਣਾਈ ਸੀ।

ਲੁਧਿਆਣਾ ਪੱਛਮੀ ਤੋਂ ਬਣੇ ਨਵੇਂ ਵਿਧਾਇਕ ਸੰਜੀਵ ਅਰੋੜਾ ਨੂੰ ਕੈਬਨਿਟ ਫੇਰਬਦਲ ’ਚ ਮੰਤਰੀ ਬਣਾਇਆ ਜਾਣਾ ਤੈਅ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਚੋਣ ਪ੍ਰਚਾਰ ਦੌਰਾਨ ਸੰਜੀਵ ਅਰੋੜਾ ਨੂੰ ਮੰਤਰੀ ਬਣਾਏ ਜਾਣ ਦਾ ਵਾਅਦਾ ਕੀਤਾ ਗਿਆ ਸੀ। ਵੇਰਵਿਆਂ ਅਨੁਸਾਰ ਕੈਬਨਿਟ ਵਿੱਚ ਹੋਰ ਆਗੂ ਵੀ ਸ਼ਾਮਲ ਕੀਤੇ ਜਾਣੇ ਹਨ ਪਰ ਇਸ ਬਾਰੇ ਕਈ ਤਰ੍ਹਾਂ ਦੇ ਚਰਚੇ ਚੱਲ ਰਹੇ ਹਨ। ਕੁੱਝ ਵਜ਼ੀਰਾਂ ਦੀ ਛੁੱਟੀ ਕੀਤੇ ਜਾਣ ਦੀ ਚਰਚਾ ਸਿਖ਼ਰਾਂ ’ਤੇ ਹੈ। ਕੈਬਨਿਟ ਦਾ ਫੇਰਬਦਲ ਟਲਣ ਨਾਲ ਵਜ਼ੀਰ ਬਣਨ ਦੇ ਚਾਹਵਾਨ ਜੋੜ-ਤੋੜ ਲਾਉਣੇ ਸ਼ੁਰੂ ਕਰ ਦੇਣਗੇ। ਵਜ਼ੀਰਾਂ ਦੇ ਵਿਭਾਗਾਂ ਵਿੱਚ ਫੇਰਬਦਲ ਹੋਣਾ ਹੈ। ਮੰਤਰੀ ਮੰਡਲ ਵਿੱਚ ਵਿਸਥਾਰ ਭਾਵੇਂ ਟਲ ਗਿਆ ਹੈ ਪਰ ਲੁਧਿਆਣਾ ਪੱਛਮੀ ਤੋਂ ਵਿਧਾਇਕ ਸੰਜੀਵ ਅਰੋੜਾ ਭਲਕੇ ਸ਼ਨਿਚਰਵਾਰ ਨੂੰ ਵਿਧਾਇਕ ਵਜੋਂ ਪੰਜਾਬ ਵਿਧਾਨ ਸਭਾ ਕੰਪਲੈਕਸ ਵਿੱਚ ਸਹੁੰ ਚੁੱਕਣਗੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨਵੇਂ ਵਿਧਾਇਕ ਸੰਜੀਵ ਅਰੋੜਾ ਨੂੰ ਅਹੁਦੇ ਦਾ ਹਲਫ਼ ਦਿਵਾਉਣਗੇ।

 

ਮੌਜੂਦਾ ਕੈਬਨਿਟ ’ਚ ਦੋ ਵਜ਼ੀਰਾਂ ਦੀ ਥਾਂ ਖਾਲੀ

ਪੰਜਾਬ ਮੰਤਰੀ ਮੰਡਲ ਵਿੱਚ ਇਸ ਵੇਲੇ ਦੋ ਵਜ਼ੀਰਾਂ ਦੀ ਥਾਂ ਖ਼ਾਲੀ ਹੈ। ਨਿਯਮਾਂ ਅਨੁਸਾਰ ਪੰਜਾਬ ਕੈਬਨਿਟ ਵਿੱਚ ਮੁੱਖ ਮੰਤਰੀ ਸਮੇਤ 18 ਮੰਤਰੀ ਹੋ ਸਕਦੇ ਹਨ। ਜਾਣਕਾਰੀ ਅਨੁਸਾਰ ਕੁੱਝ ਵਜ਼ੀਰਾਂ ਦੀ ਛੁੱਟੀ ਕੀਤੇ ਜਾਣ ਨਾਲ ਹੋਰ ਥਾਵਾਂ ਖ਼ਾਲੀ ਹੋ ਜਾਣੀਆਂ ਹਨ, ਜਿਨ੍ਹਾਂ ਨੂੰ ਭਰਨ ਵਾਸਤੇ ਨਵੇਂ ਵਜ਼ੀਰ ਲਾਏ ਜਾਣਗੇ। ਪੰਜਾਬ ਕੈਬਨਿਟ ਵਿੱਚ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਛੇ ਵਾਰ ਫੇਰਬਦਲ ਹੋ ਚੁੱਕਾ ਹੈ।

Advertisement