DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Punjab bypoll Results: ਗਿੱਦੜਬਾਹਾ 'ਚ ਡਿੰਪੀ ਢਿੱਲੋਂ ਨੇ ਫ਼ਤਹਿ ਕੀਤਾ ਰਾਜਾ ਵੜਿੰਗ ਦਾ ਗੜ੍ਹ, 14 ਸਾਲ ਬਾਅਦ ਜਿੱਤ ਹੋਈ ਨਸੀਬ

ਡਿੰਪੀ ਨੇ ਆਪਣੀ ਫ਼ਤਹਿ ਨੂੰ ‘ਲੋਕਾਂ ਦੀ ਜਿੱਤ’ ਦੱਸਿਆ; ਮਨਪ੍ਰੀਤ ਬਾਦਲ ਅਸਲੋਂ ਹੀ ਪਛੜੇ; ਜ਼ਮਾਨਤ ਹੋਈ ਜ਼ਬਤ
  • fb
  • twitter
  • whatsapp
  • whatsapp
featured-img featured-img
ਗਿੱਦੜਬਾਹਾ ਤੋਂ ‘ਆਪ’ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਜਿੱਤ ਉਪਰੰਤ ਮੂੰਹ ਮਿੱਠਾ ਕਰਦੇ ਹੋਏ।
Advertisement

ਗੁਰਸੇਵਕ ਸਿੰਘ ਪ੍ਰੀਤ

ਸ੍ਰੀ ਮੁਕਤਸਰ ਸਾਹਿਬ, 23 ਨਵੰਬਰ

Advertisement

ਪੰਜਾਬ ਦੀ ਸਭ ਤੋਂ ਚਰਚਿਤ ਸੀਟ ਵਜੋਂ ਜਾਣੇ ਜਾਂਦੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਹਰਦੀਪ ਸਿੰਘ ਡਿੰਪੀ ਢਿੱਲੋ ਨੇ 21969 ਵੋਟਾਂ ਦੇ ਵੱਡੇ ਫਰਕ ਨਾਲ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਮਾਤ ਦਿੱਤੀ ਹੈ। ਕੁੱਲ 13 ਗੇੜਾਂ ਵਿੱਚ ਹੋਈ ਗਿਣਤੀ ਅਨੁਸਾਰ ਆਮ ਆਦਮੀ ਪਾਰਟੀ ਨੂੰ ਪਾਰਟੀ ਨੂੰ 71198, ਕਾਂਗਰਸ 49397 ਅਤੇ ਭਾਜਪਾ ਨੂੰ ਸਿਰਫ 12174 ਵੋਟਾਂ ਮਿਲੀਆਂ।
ਆਪਣੀ ਜਿੱਤ ਉਪਰੰਤ ਜਜ਼ਬਾਤ ਸਾਂਝੇ ਕਰਦਿਆਂ ਡਿੰਪੀ ਢਿੱਲੋਂ ਨੇ ਕਿਹਾ ਕਿ ਇਹ ਜਿੱਤ ਲੋਕਾਂ ਦੀ ਜਿੱਤ ਹੈ। ਲੋਕਾਂ ਦੇ ਚਿਹਰੇ 'ਤੇ ਅੱਜ 14 ਸਾਲ ਬਾਅਦ ਖੁਸ਼ੀ ਆਈ ਹੈ। ਉਨ੍ਹਾਂ ਕਿਹਾ, ‘‘ਗਿੱਦੜਬਾਹਾ ਸ਼ਹਿਰ 'ਚੋਂ 'ਬਾਦਲ' ਨਾਲੋਂ ਵੀ ਵੱਧ ਵੋਟਾਂ ਮਿਲੀਆਂ ਹਨ।‌ ਕਿਸੇ ਬੂਥ 'ਚੋਂ ਵੋਟ ਨਹੀਂ ਘਟੀ।’’ ਉਨ੍ਹਾਂ ਕਿਹਾ ਕਿ ‘ਆਪ’ ਪ੍ਰਧਾਨ ਅਮਨ ਅਰੋੜਾ  ਤੇ ਧਰਮਕੋਟ ਦੇ ਵਿਧਾਇਕ ਲਾਡੀ ਢੋਸ ਦੇ ਯਤਨਾਂ ਨਾਲ ਉਨ੍ਹਾਂ ਨੂੰ ਪਾਰਟੀ 'ਚ ਦਾਖਲਾ ਮਿਲਿਆ ਤੇ ਹੁਣ ਜਿੱਤ ਤੋਂ ਬਾਅਦ ਗੇਂਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਾਲੇ ਵਿਚ  ਹੈ। ਉਹ ਚਾਹੁਣਗੇ ਕਿ ਗਿੱਦੜਬਾਹਾ ਹਲਕੇ ਦੇ ਵਿਕਾਸ ਵਿੱਚ ਕੋਈ ਕਮੀ ਨਾ ਆਵੇ।
ਇਸ ਦੌਰਾਨ ਵਿਧਾਇਕ ਲਾਡੀ ਢੋਸ ਨੇ ਕਿਹਾ, ‘‘ਲੋਕਾਂ ਨੇ ਰਾਜਾ ਵੜਿੰਗ ਦੀ  ਆਕੜ ਵਾਲੀ ਬਿਰਤੀ ਨੂੰ ਹਰਾਇਆ ਹੈ।’’ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਇਥੋਂ ਤਿੰਨ ਵਾਰ 2012, 2017 ਅਤੇ 2022 ’ਚ ਵਿਧਾਇਕ ਰਹਿ ਚੁੱਕੇ ਹਨ। ਡਿੰਪੀ ਢਿੱਲੋ ਦੀ ਜਿੱਤ ਅਤੇ ਅੰਮ੍ਰਿਤਾ ਵੜਿੰਗ ਦੀ ਹਾਰ ਦੇ ਕਾਰਨਾਂ ਦਾ ਪੜਤਾਲ ਕਰਦਿਆਂ ਕਿਹਾ  ਜਾ ਸਕਦਾ ਹੈ ਕਿ ਜਗਮੀਤ ਬਰਾੜ ਵੱਲੋਂ ਡਿੰਪੀ ਢਿੱਲੋਂ ਤੇ ਰਾਜਾ ਬੜਿੰਗ ਦਾ ਵਿਰੋਧ, ਸ਼੍ਰੋਮਣੀ ਅਕਾਲੀ ਦਲ ਦਾ ਚੋਣਾਂ ਨਾ ਲੜਨਾ, ਡਿੰਪੀ ਢਿੱਲੋਂ ਦੇ ਦੋ ਵਾਰ ਚੋਣਾਂ ਹਾਰਨ ਦੀ ਹਮਦਰਦੀ, ਰਾਜਾ ਵੜਿੰਗ ਦਾ ਕਥਿਤ ਆਕੜ ਵਾਲਾ ਰਵੱਈਆ ਤੇ ਪਰਿਵਾਰਵਾਦ ਮੁੱਖ ਹਨ।
ਹਰਦੀਪ ਸਿੰਘ ਡਿੰਪੀ ਢਿੱਲੋਂ ਜੋ ਕਿ ਪਹਿਲਾਂ ਲੰਬਾ ਸਮਾਂ ਸ਼੍ਰੋਮਣੀ ਅਕਾਲੀ ਦਲ ’ਚ ਰਹੇ ਪਰ ਇਸ ਵਾਰ ਟਿਕਟ ਮਨਪ੍ਰੀਤ ਬਾਦਲ ਨੂੰ ਦਿੱਤੇ ਜਾਣ ਦੀ ਚਰਚਾ ਕਾਰਨ ਨਿਰਾਸ਼ਾ ਦੇ ਚਲਦਿਆਂ ਡਿੰਪੀ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ 28 ਅਗਸਤ, 2024 ਨੂੰ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋ ਗਏ ਸਨ। ਡਿੰਪੀ ਢਿੱਲੋਂ ਦਾ ਕਹਿਣਾ ਸੀ, ‘‘ਜੇ ਸੁਖਬੀਰ ਬਾਦਲ ਚੋਣ ਲੜਦੇ ਹਨ ਤਾਂ ਮੈਨੂੰ ਕੋਈ ਇਤਰਾਜ਼ ਨਹੀਂ, ਪਰ ਜੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਮਨਪ੍ਰੀਤ ਬਾਦਲ ਚੋਣ ਲੜਨਗੇ ਤਾਂ ਮੈਨੂੰ ਇਤਰਾਜ਼ ਹੈ।’’ ਇਸੇ ਰੇੜਕੇ ਦੇ ਚਲਦਿਆਂ ਹਰਦੀਪ ਸਿੰਘ ਢਿੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਗਏ ਸਨ।
 ਡਿੰਪੀ ਢਿੱਲੋਂ ਦੀ ਜਿੱਤ ਦੀ ਖੁਸ਼ੀ ’ਚ ਸਮੱਰਥਕਾਂ ਵੱਲੋਂ ਲੱਡੂ ਵੰਡੇ ਗਏ। ਪਟਾਖੇ ਚਲਾਏ ਗਏ। ਢੋਲ ਦੇ ਡੱਗੇ ’ਤੇ ਨੱਚ ਕੇ ਖੁਸ਼ੀ ਮਨਾਈ ਗਈ ਤੇ ਇਕ ਦੂਜੇ ’ਤੇ ਰੰਗ ਸੁੱਟੇ ਗਏ। ਇਹ ਜਿੱਤ ਇਸੇ ਤਰ੍ਹਾਂ ਵੇਖੀ ਜਾ ਸਕਦੀ ਹੈ ਜਿਵੇਂ ਰਾਜਾ ਵੜਿੰਗ ਨੇ ਬਾਦਲਾਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਇਸ ਹਲਕੇ ’ਚ ਸੰਨ੍ਹ ਲਾ ਕੇ ਕਾਂਗਰਸ ਦਾ ਝੰਡਾ ਬੁਲੰਦ ਕੀਤਾ ਸੀ, ਉਸੇ ਤਰ੍ਹਾਂ ਹੁਣ ਡਿੰਪੀ ਢਿੱਲੋਂ ਦੀ ਜਿੱਤ ਨੂੰ ਰਾਜੇ ਵੜਿੰਗ ਦੇ ਗੜ੍ਹ ਵਿੱਚ ਆਮ ਆਦਮੀ ਪਾਰਟੀ ਦਾ ਝੰਡਾ ਲਹਿਰਾਉਣ ਵਜੋਂ ਵੇਖਿਆ ਜਾ ਰਿਹਾ ਹੈ।
ਦੂਜੇ ਪਾਸੇ ਪਹਿਲੇ ਦੋ ਸਥਾਨਾਂ ’ਤੇ ਆਉਣ ਦਾ ਦਾਅਵਾ ਕਰਨ ਵਾਲੀ ਭਾਜਪਾ ਅਸਲੋਂ ਹਸ਼ੀਏ ’ਤੇ ਚਲੀ ਗਈ ਹੈ। ਮਨਪ੍ਰੀਤ ਬਾਦਲ  ਕੱਲ੍ਹ ਤੱਕ ਪਿੰਡਾਂ ’ਚ ਲੋਕਾਂ ਨੂੰ ਮਿਲਦੇ ਰਹੇ ਸਨ। ਪਰ ਅੱਜ ਜਿਉਂ ਹੀ ਗਿਣਤੀ ਸ਼ੁਰੂ ਹੋਈ ਤੇ ਉਨ੍ਹਾਂ ਦਾ ਗਰਾਫ ਘਟਦਾ ਗਿਆ ਤਾਂ ਉਹ ਕਿਤੇ ਵੀ ਦਿਖਾਈ ਨਹੀਂ ਦਿੱਤੇ। ਨਾ ਹੀ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਕੋਈ ਪੋਸਟ ਪਾਈ ਹੈ। ਖਬਰ ਲਿਖੇ ਜਾਣ ਤੱਕ ਉਹ ਅਸਲੋਂ ਹੀ ਇਸ ਦ੍ਰਿਸ਼ ’ਚੋਂ ਗ਼ਾਇਬ ਹੋ ਕੇ ਰਹਿ ਗਏ ਹਨ।

Advertisement
×