ਪੰਜਾਬ ਬੋਰਡ: ਬਾਰ੍ਹਵੀਂ ’ਚ ਕੁੜੀਆਂ ਨੇ ਬਾਜ਼ੀ ਮਾਰੀ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 14 ਮਈ
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਸਣੇ ਪਹਿਲੇ ਅੱਠ ਸਥਾਨ ਲੜਕੀਆਂ ਨੇ ਹਾਸਲ ਕੀਤੇ ਹਨ। ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ ਬਰਨਾਲਾ ਦੀ ਹਰਸੀਰਤ ਕੌਰ ਪੁੱਤਰੀ ਸਿਮਰਦੀਪ ਸਿੰਘ ਨੇ (500/500) 100 ਫ਼ੀਸਦੀ ਅੰਕ ਲੈ ਕੇ ਪੰਜਾਬ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦਕਿ ਐੱਸਐੱਸ ਮੈਮੋਰੀਅਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕੱਸੋਆਣਾ (ਫਿਰੋਜ਼ਪੁਰ) ਦੀ ਮਨਵੀਰ ਕੌਰ ਪੁੱਤਰੀ ਗੁਰਜੰਟ ਸਿੰਘ ਨੇ 498/500 ਅੰਕਾਂ (99.60 ਫ਼ੀਸਦੀ) ਨਾਲ ਦੂਜਾ ਅਤੇ ਸ੍ਰੀ ਤਾਰਾ ਚੰਦ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਭੀਖੀ (ਮਾਨਸਾ) ਦੀ ਅਰਸ਼ ਪੁੱਤਰੀ ਕਰਮਜੀਤ ਸਿੰਘ ਨੇ 498/500 ਅੰਕਾਂ (99.60 ਫ਼ੀਸਦੀ) ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। ਪੰਜਾਬ ਬੋਰਡ ਵੱਲੋਂ ਜਾਰੀ 290 ਵਿਦਿਆਰਥੀਆਂ ਦੀ ਮੈਰਿਟ ਸੂਚੀ ਮੁਤਾਬਕ 234 ਲੜਕੀਆਂ ਨੇ ਮੱਲ੍ਹਾਂ ਮਾਰੀਆਂ ਹਨ ਜਦੋਂਕਿ ਮੁੰਡੇ ਇਸ ਵਾਰ ਵੀ ਫਾਡੀ ਰਹਿ ਗਏ। 26 ਵਿਦਿਆਰਥੀ ਖੇਡ ਕੋਟੇ ਦੇ ਅੰਕ ਲੈ ਕੇ ਪਾਸ ਹੋਏ ਹਨ। ਇਸ ਮੌਕੇ ਬੋਰਡ ਦੇ ਸਕੱਤਰ ਅਮਨਿੰਦਰ ਕੌਰ ਬਰਾੜ ਅਤੇ ਕੰਟਰੋਲਰ (ਪ੍ਰੀਖਿਆਵਾਂ) ਲਵਿਸ਼ ਚਾਵਲਾ ਵੀ ਮੌਜੂਦ ਸਨ।
ਬੋਰਡ ਮੁਖੀ ਨੇ ਦੱਸਿਆ ਕਿ ਕੁੱਲ 2,65,489 ਰੈਗੂਲਰ ਅਤੇ 12,630 ਵਿਦਿਆਰਥੀ ਓਪਨ ਸਕੂਲ ਪ੍ਰਣਾਲੀ ਰਾਹੀਂ ਅਪੀਅਰ ਹੋਏ ਸੀ, ਜਿਨ੍ਹਾਂ ’ਚੋਂ 2,41,506 ਬੱਚੇ ਪਾਸ ਹੋਏ ਹਨ। ਜਦੋਂਕਿ 5,950 ਵਿਦਿਆਰਥੀਆਂ ਦਾ ਨਤੀਜਾ ਫੇਲ੍ਹ ਦਰਸਾਇਆ ਗਿਆ ਹੈ ਤੇ ਕੁੱਝ ਤਕਨੀਕੀ ਕਾਰਨਾਂ ਕਰਕੇ 88 ਵਿਦਿਆਰਥੀਆਂ ਦਾ ਨਤੀਜਾ ਰੋਕਿਆ ਗਿਆ ਹੈ। ਰੈਗੂਲਰ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ 91 ਫ਼ੀਸਦ ਅਤੇ ਓਪਨ ਸਕੂਲਾਂ ਦੇ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ 68.24 ਫ਼ੀਸਦ ਰਹੀ। ਪਿਛਲੇ ਸਾਲ ਪਾਸ ਪ੍ਰਤੀਸ਼ਤਤਾ 93.4 ਫ਼ੀਸਦੀ ਸੀ। ਬੋਰਡ ਨੇ 17,844 ਵਿਦਿਆਰਥੀਆਂ ਨੂੰ ਕੰਪਾਰਟਮੈਂਟ ਸ਼੍ਰੇਣੀ ’ਚ ਰੱਖਿਆ ਹੈ। ਇੰਜ ਹੀ ਓਪਨ ਸਕੂਲਾਂ ਦੇ 52 ਬੱਚੇ ਫੇਲ੍ਹ ਹੋਏ ਹਨ ਅਤੇ 24 ਬੱਚਿਆਂ ਦਾ ਨਤੀਜਾ ਰੋਕਿਆ ਗਿਆ ਹੈ।
ਸ਼ਹਿਰੀ ਸਕੂਲਾਂ ਦੇ ਮੁਕਾਬਲੇ ਪੇਂਡੂ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ ਵੱਧ ਹੈ। ਪੇਂਡੂ ਸਕੂਲਾਂ ਦੀ ਪਾਸ ਪ੍ਰਤੀਸ਼ਤਤਾ 91.20 ਫ਼ੀਸਦੀ ਅਤੇ ਸ਼ਹਿਰੀ ਸਕੂਲਾਂ ਦੀ 90.74 ਫ਼ੀਸਦੀ ਹੈ। ਪ੍ਰੀਖਿਆ ਵਿੱਚ ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 94.32 ਫ਼ੀਸਦ ਜਦਕਿ ਮੁੰਡਿਆਂ ਦੀ ਪਾਸ ਪ੍ਰਤੀਸ਼ਤਤਾ 88.08 ਫ਼ੀਸਦੀ ਰਹੀ। ਤਿੰਨ ਟਰਾਂਸਜੈਡਰਾਂ ਨੇ ਪ੍ਰੀਖਿਆ ਪਾਸ ਕੀਤੀ ਹੈ। ਸਰਕਾਰੀ ਸਕੂਲਾਂ ਦੇ 1,68,979 ਵਿਦਿਆਰਥੀਆਂ ’ਚੋਂ 1,53,969 ਪਾਸ ਹੋਏ ਹਨ ਜੋ ਕਿ ਕੁੱਲ ਵਿਦਿਆਰਥੀਆਂ ਦਾ 91.20 ਫ਼ੀਸਦ ਬਣਦੇ ਹਨ। ਪ੍ਰਾਈਵੇਟ ਸਕੂਲਾਂ ਦੇ 70,763 ’ਚੋਂ 65,437 (92.47 ਫ਼ੀਸਦ) ਵਿਦਿਆਰਥੀ ਅਤੇ ਏਡਿਡ ਸਕੂਲਾਂ ਦੇ 25,646 ਵਿਚੋਂ 22,275 (86.86 ਫ਼ੀਸਦ) ਵਿਦਿਆਰਥੀ ਪਾਸ ਹੋਏ ਹਨ।
ਬੋਰਡ ਮੁਖੀ ਨੇ ਦੱਸਿਆ ਕਿ ਰੈਗੂਲਰ ਸਾਇੰਸ ਗਰੁੱਪ ਦੇ ਰੈਗੂਲਰ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ ਸਭ ਤੋਂ ਵੱਧ ਹੈ। ਕਾਮਰਸ ਗਰੁੱਪ ਦੇ 36,767 ਬੱਚਿਆਂ ਨੇ ਪ੍ਰੀਖਿਆ ਪਾਸ ਕੀਤੀ ਹੈ, ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 96.83 ਫ਼ੀਸਦੀ ਹੈ। ਹਿਊਮੈਨਟੀਜ਼ ਵਿੱਚ 1,69,152 ਬੱਚਿਆਂ ’ਚੋਂ 1,48,150 ਪਾਸ ਹੋਏ ਜਿਨ੍ਹਾਂ ਦੀ ਪਾਸ ਪ੍ਰਤੀਸ਼ਤਤਾ 87.58 ਫ਼ੀਸਦੀ ਹੈ। ਸਾਇੰਸ ਦੇ 49,713 ਵਿਦਿਆਰਥੀਆਂ ’ਚੋਂ 48,975 (98.52 ਫ਼ੀਸਦ), ਵੋਕੇਸ਼ਨਲ ਗਰੁੱਪ ਦੇ 9,756 ’ਚੋਂ 8,780 (90 ਫ਼ੀਸਦ) ਵਿਦਿਆਰਥੀ ਪਾਸ ਹੋਏ ਹਨ। ਓਪਨ ਸਕੂਲਾਂ ਦੇ ਕਾਮਰਸ ਗਰੁੱਪ ’ਚ 198 ’ਚੋਂ 149, ਹਿਊਮੈਨਟੀਜ਼ ਦੇ 12,337 ’ਚੋਂ ਸਿਰਫ਼ 8,407 ਅਤੇ ਸਾਇੰਸ ਦੇ 20 ’ਚੋਂ 13 ਵਿਦਿਆਰਥੀ ਪਾਸ ਹੋਏ ਹਨ।
ਬੋਰਡ ਮੈਨੇਜਮੈਂਟ ਸਾਰਾ ਨਤੀਜਾ ਵੈੱਬਸਾਈਟ ’ਤੇ ਅਪਲੋਡ ਕੀਤਾ
ਪੰਜਾਬ ਸਕੂਲ ਸਿੱਖਿਆ ਬੋਰਡ ਮੈਨੇਜਮੈਂਟ ਨੇ ਪੁਰਾਣੀ ਰਵਾਇਤ ਨੂੰ ਤੋੜਦੇ ਹੋਏ ਅੱਜ ਬਾਅਦ ਦੁਪਹਿਰ ਤਿੰਨ ਵਜੇ ਹੀ ਆਪਣੀ ਵੈੱਬਸਾਈਟ ’ਤੇ ਨਤੀਜਾ ਅਪਲੋਡ ਕਰ ਦਿੱਤਾ ਹੈ। ਪਹਿਲਾਂ ਅਕਸਰ ਪਹਿਲੇ ਦਿਨ ਸਬੰਧਤ ਜਮਾਤ ਦਾ ਨਤੀਜਾ ਐਲਾਨ ਕੇ ਮੀਡੀਆ ਰਾਹੀਂ ਸਿਰਫ਼ ਮੈਰਿਟ ਸੂਚੀ ਹੀ ਜਾਰੀ ਕੀਤੀ ਜਾਂਦੀ ਸੀ ਅਤੇ ਪੰਜਾਬ ਬੋਰਡ ਆਪਣੀ ਵੈੱਬਸਾਈਟ ’ਤੇ ਅਗਲੇ ਦਿਨ ਪੂਰਾ ਨਤੀਜਾ ਅਪਲੋਡ ਕਰਦਾ ਸੀ। ਪ੍ਰੀਖਿਆਰਥੀ ਵੈੱਬਸਾਈਟ ’ਤੇ ਰੋਲ ਨੰਬਰ ਭਰ ਕੇ ਆਪਣਾ ਨਤੀਜਾ ਦੇਖ ਸਕਦੇ ਹਨ। ਸਕੂਲ ਦੇ ਨਾਂ ਅਨੁਸਾਰ ਨਤੀਜਾ ਸੂਚੀਆਂ ਸਕੂਲਾਂ ਦੇ ਪੋਰਟਲ ’ਤੇ ਹੀ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਪ੍ਰੀਖਿਆਰਥੀਆਂ ਦੇ ਨਤੀਜਾ ਦਸਤਾਵੇਜ਼ ਉਨ੍ਹਾਂ ਦੇ ‘ਡਿਜੀ ਲਾਕਰ’ ਵਿੱਚ ਵੀ ਮੁਹੱਈਆ ਕਰਵਾਏ ਜਾਣਗੇ। ਬੋਰਡ ਵੱਲੋਂ ਵੈੱਬਸਾਈਟ ਰਾਹੀਂ 50 ਵਿਦਿਆਰਥੀਆਂ ਨੂੰ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ’ਤੇ ਯੋਗਤਾ ਟੈਸਟਿੰਗ ਅਤੇ ਕਰੀਅਰ/ਉਚੇਰੀ ਸਿੱਖਿਆ ਸਬੰਧੀ ਮਾਰਗਦਰਸ਼ਨ/ਆਨਲਾਈਨ ਕੌਂਸਲਿੰਗ ਬਿਲਕੁਲ ਮੁਫ਼ਤ ਪ੍ਰਦਾਨ ਕੀਤੀ ਜਾਵੇਗੀ।