ਪੰਜਾਬ ਬੋਰਡ ਨੇ ਅੱਠਵੀਂ ਤੋਂ ਬਾਰ੍ਹਵੀਂ ਜਮਾਤ ’ਚ ਦਾਖ਼ਲੇ ਦੀ ਮਿਤੀ ਵਧਾਈ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2025-26 ਦੌਰਾਨ ਅੱਠਵੀਂ, ਨੌਵੀਂ, ਦਸਵੀਂ, ਗਿਆਰ੍ਹਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ ਦਾਖ਼ਲੇ ਦੀ ਆਖ਼ਰੀ ਮਿਤੀ 15 ਜੁਲਾਈ ਤੋਂ ਵਧਾ ਕੇ 1 ਅਗਸਤ 2025 ਕਰ ਦਿੱਤੀ ਗਈ ਹੈ। ਨਵੇਂ ਪ੍ਰੋਗਰਾਮ ਅਨੁਸਾਰ ਰਜਿਸਟ੍ਰੇਸ਼ਨ/ਕੰਟੀਨਿਊਸ਼ਨ ਦੀ ਤਰੀਕ ਵਿੱਚ ਵੀ 28 ਜੁਲਾਈ ਤੋਂ 6 ਅਗਸਤ 2025 ਤੱਕ ਬਿਨਾਂ ਲੇਟ ਫ਼ੀਸ ਵਾਧਾ ਕੀਤਾ ਗਿਆ ਹੈ। ਇਸ ਉਪਰੰਤ ਪ੍ਰਤੀ ਵਿਦਿਆਰਥੀ ਲੇਟ ਫ਼ੀਸ ਨਾਲ 7 ਅਗਸਤ 2025 ਤੋਂ 9 ਸਤੰਬਰ 2025 ਤੱਕ ਨਿਯਤ ਪ੍ਰੋਗਰਾਮ ਤੈਅ ਕੀਤਾ ਗਿਆ ਹੈ। ਨਿਯਤ ਪ੍ਰੋਗਰਾਮ ਅਤੇ ਹਦਾਇਤਾਂ ਸਕੂਲਾਂ ਦੀ ਲਾਗ-ਇਨ ਆਈਡੀ ਅਤੇ ਬੋਰਡ ਦੀ ਵੈੱਬਸਾਈਟ ’ਤੇ ਉਪਲਬਧ ਹਨ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ’ਤੇ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਨਵਾਂ ਪ੍ਰੋਗਰਾਮ ਜਾਰੀ ਕਰਦਿਆਂ ਦੱਸਿਆ ਕਿ ਰਜਿਸਟ੍ਰੇਸ਼ਨ/ਕੰਟੀਨਿਊਸ਼ਨ ਲਈ ਬੋਰਡ ਵੱਲੋਂ ਨਿਰਧਾਰਤ ਸਮਾਂ ਸਾਰਣੀ ਅਨੁਸਾਰ ਵਿਦਿਆਰਥੀਆਂ ਦੀ ਰਜਿਸਟਰੇਸ਼ਨ ਦਾ ਕੰਮ ਮੁਕੰਮਲ ਕਰਵਾਉਣ ਲਈ ਤਰਜੀਹ ਦੇਣ ’ਤੇ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਿਰਧਾਰਤ ਪ੍ਰੋਗਰਾਮ ਅਧੀਨ ਦਿੱਤੇ ਗਏ ਸਮੇਂ ਤੋਂ ਬਾਅਦ ਹੋਰ ਸਮੇਂ ਵਿੱਚ ਵਾਧਾ ਨਹੀਂ ਕੀਤਾ ਜਾਵੇਗਾ। ਜੇਕਰ ਕੋਈ ਵੀ ਵਿਦਿਆਰਥੀ ਕਿਸੇ ਕਾਰਨ ਰਜਿਸਟ੍ਰੇਸ਼ਨ ਤੋਂ ਵਾਂਝਾ ਰਹਿ ਜਾਂਦਾ ਹੈ ਜਾਂ ਫਾਈਨਲ ਸਬਮਿਸ਼ਨ ਤੋਂ ਰਹਿ ਜਾਂਦਾ ਹੈ ਤਾਂ ਉਸ ਦੀ ਨਿਰੋਲ ਜ਼ਿੰਮੇਵਾਰੀ ਸਬੰਧਤ ਸਕੂਲ ਮੁਖੀ ਦੀ ਹੀ ਹੋਵੇਗੀ। ਅਜਿਹੇ ਵਿਦਿਆਰਥੀਆਂ ਨੂੰ ਨਿਰਧਾਰਤ ਪ੍ਰੋਗਰਾਮ ਤੋਂ ਬਾਅਦ ਆਨਲਾਈਨ ਐਂਟਰੀ/ਰਜਿਸਟ੍ਰੇਸ਼ਨ ਕਰਨ ਦਾ ਕੋਈ ਹੋਰ ਮੌਕਾ ਨਹੀਂ ਦਿੱਤਾ ਜਾਵੇਗਾ।