ਪਠਾਣਮਾਜਰਾ ਦੀ ਕੋਠੀ ਖਾਲੀ ਕਰਵਾਉਣ ਪੁੱਜੇ ਪੁੱਡਾ ਅਧਿਕਾਰੀ
‘ਆਪ’ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ। ਵਿਧਾਇਕ ਦੀ ਇੱਥੇ ਸਿਵਲ ਲਾਈਨ ’ਚ ਸਰਕਾਰੀ ਕੋਠੀ ਨੰਬਰ-9 ਖਾਲੀ ਕਰਾਉਣ ਲਈ ਅੱਜ ਪੁੱਡਾ ਦੇ ਅਧਿਕਾਰੀਆਂ ਸਣੇ ਭਾਰੀ ਪੁਲੀਸ ਪੁੱਜੀ। ਹਾਲਾਂਕਿ ਅੱਜ ਫਿਰ ਅਧਿਕਾਰੀਆਂ ਨੂੰ ਖ਼ਾਲੀ ਹੱਥ ਮੁੜਨਾ ਪਿਆ ਕਿਉਂਕਿ ਸ੍ਰੀ ਪਠਾਣਮਾਜਰਾ ਦੀ ਪਤਨੀ ਸਿਮਰਜੀਤ ਕੌਰ ਨੇ ਕੋਠੀ ਖ਼ਾਲੀ ਕਰਨ ਤੋਂ ਕੋਰਾ ਜਵਾਬ ਦੇ ਦਿੱਤਾ। ਉਨ੍ਹਾਂ ਭਾਵੇਂ ਆਪਣੀ ਢਿੱਲੀ ਸਿਹਤ ਦਾ ਹਵਾਲਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਦਾ ਤਰਕ ਸੀ ਕਿ ਸਰਕਾਰੀ ਕੋਠੀ 30 ਦਿਨਾਂ ਦੇ ਅੰਦਰ ਖ਼ਾਲੀ ਕੀਤੀ ਜਾਣੀ ਬਣਦੀ ਹੈ ਪਰ ਸਰਕਾਰ ਇਸ ਤਰ੍ਹਾਂ ਉਨ੍ਹਾਂ ਨਾਲ ਬਦਲਾਖੋਰੀ ਵਾਲਾ ਰਵੱਈਆ ਅਪਣਾ ਰਹੀ ਹੈ।
ਜਾਣਕਾਰੀ ਅਨੁਸਾਰ ‘ਆਪ’ ਸਰਕਾਰ ਸ੍ਰੀ ਪਠਾਣਮਾਜਰਾ ਨੂੰ ਹਰ ਪੱਖੋਂ ਤੋੜਨਾ ਚਾਹੁੰਦੀ ਹੈ ਤਾਂ ਕਿ ਉਹ ਖ਼ੁਦ ਹੀ ਪੁਲੀਸ ਅੜਿੱਕੇ ਆ ਜਾਣ। ਇਸ ਕਰ ਕੇ ਉਨ੍ਹਾਂ ਦੇ ਪੁੱਤਰ, ਪੀਏ ਤੋਂ ਇਲਾਵਾ ਰਿਸ਼ਤੇਦਾਰਾਂ ਨੂੰ ਵੀ ਕੇਸਾਂ ’ਚ ਉਲਝਾਇਆ ਜਾ ਰਿਹਾ ਹੈ। ਹੁਣ ਸਰਕਾਰ ਨੇ ਅਗਲਾ ਐਕਸ਼ਨ ਕਰਦਿਆਂ ਸ੍ਰੀ ਪਠਾਣਮਾਜਰਾ ਦੀ ਰਿਹਾਇਸ਼ ਖਾਲੀ ਕਰਾਉਣ ਦੀ ਤਿਆਰੀ ਕੀਤੀ ਹੈ। ਕੋਠੀ ਨੰਬਰ-9 ਪਹਿਲਾਂ ਪ੍ਰੇਮ ਸਿੰਘ ਚੰਦੂਮਾਜਰਾ ਦੇ ਪੁੱਤਰ ਹਲਕਾ ਸਨੌਰ ਤੋਂ ਵਿਧਾਇਕ ਹਰਿੰਦਰ ਸਿੰਘ ਚੰਦੂਮਾਜਰਾ ਕੋਲ ਸੀ ਪਰ ਸ੍ਰੀ ਪਠਾਣਮਾਜਰਾ ਨੇ ਜ਼ਿੱਦ ਕਰਦਿਆਂ ਇਹ ਕੋਠੀ ਹਾਸਲ ਕੀਤੀ ਸੀ। ਅੱਜ ਪੁੱਡਾ ਦੇ ਅਧਿਕਾਰੀ ਮਨੀਸ਼ਾ ਰਾਣੀ ਦੀ ਅਗਵਾਈ ਵਿੱਚ ਪੁਲੀਸ ਇਹ ਕੋਠੀ ਖਾਲੀ ਕਰਾਉਣ ਗਈ ਸੀ ਪਰ ਸ੍ਰੀ ਪਠਾਣਮਾਜਰਾ ਦੀ ਪਤਨੀ ਨੇ ਬਿਮਾਰੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੋਠੀ ਵਿੱਚ ਉਨ੍ਹਾਂ ਦਾ ਸਾਮਾਨ ਪਿਆ ਹੈ, ਉਹ ਅਚਾਨਕ ਕੋਠੀ ਖ਼ਾਲੀ ਨਹੀਂ ਕਰ ਸਕਦੇ। ਸੂਤਰ ਦੱਸਦੇ ਹਨ ਕਿ ਸ੍ਰੀ ਪਠਾਣਮਾਜਰਾ ਦੀ ਪਤਨੀ ਨੇ ਅਧਿਕਾਰੀਆਂ ਨਾਲ ਕਾਫ਼ੀ ਬਹਿਸ ਕੀਤੀ। ਇਸ ਮਗਰੋਂ ਅਧਿਕਾਰੀ ਵਾਪਸ ਮੁੜ ਗਏ ਪਰ ਕੋਠੀ ਦੇ ਗੇਟ ’ਤੇ ਖਾਲੀ ਕਰਨ ਦਾ ਨੋਟਿਸ ਚਿਪਕਾ ਗਏ।
ਗ੍ਰਿਫ਼ਤਾਰ ਕੀਤੇ 11 ਜਣਿਆਂ ਨੂੰ ਜ਼ਮਾਨਤ ਮਿਲੀ
ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਫ਼ਰਾਰ ਕਰਵਾਉਣ ਤੇ ਪਨਾਹ ਦੇਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ 11 ਜਣਿਆਂ ਦੀ ਜ਼ਮਾਨਤ ਅੱਜ ਹਰਜੋਤ ਸਿੰਘ ਗਿੱਲ ਦੀ ਅਦਾਲਤ ਨੇ ਮਨਜ਼ੂਰ ਕਰ ਲਈ ਹੈ। ਇਸ ਮਗਰੋਂ ਉਹ ਅੱਜ ਜੇਲ੍ਹ ਵਿੱਚੋਂ ਬਾਹਰ ਆ ਗਏ ਹਨ। ਐੱਫ ਆਈ ਆਰ ਨੰਬਰ-174 ’ਚ 15 ਮੁਲਜ਼ਮ ਬਣਾਏ ਗਏ ਸਨ, ਇਨ੍ਹਾਂ ਵਿੱਚੋਂ ਤਿੰਨ ਗ੍ਰਿਫ਼ਤਾਰ ਕਰ ਲਏ ਗਏ ਸਨ ਪਰ ਨਾਲ ਹੀ ਅੱਠ ਹੋਰ ਨਾਮਜ਼ਦ ਕੀਤੇ ਗਏ ਸਨ। ਅੱਜ ਕੁੱਲ 11 ਜਣਿਆਂ ਦੀ ਜ਼ਮਾਨਤ ਮਨਜ਼ੂਰ ਕੀਤੀ ਗਈ ਹੈ।