ਪੀਟੀਆਈ ਯੂਨੀਅਨ ਵੱਲੋਂ ਧਰਨਾ ਜਾਰੀ
ਇੱਥੋਂ ਦੇ ਸਿੱਖਿਆ ਵਿਭਾਗ ਦੇ ਦਫ਼ਤਰ ਦੀ ਛੇਵੀਂ ਮੰਜ਼ਿਲ ’ਤੇ ਬੇਰੁਜ਼ਗਾਰ ਪੀਟੀਆਈ ਯੂਨੀਅਨ ਵੱਲੋਂ ਲਾਇਆ ਧਰਨਾ ਅੱਜ ਛੇਵੇਂ ਦਿਨ ਵੀ ਜਾਰੀ ਰਿਹਾ। ਧਰਨੇ ਵਿੱਚ ਪੀਟੀਆਈ ਨੇ ਆਪਣੇ ਪਰਿਵਾਰਾਂ ਸਮੇਤ ਸ਼ਿਰਕਤ ਕੀਤੀ। ਇਸ ਪੱਕੇ ਧਰਨੇ ਵਿੱਚ ਧਰਨਾਕਾਰੀਆਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵਿਰੁੱਧ ਨਾਅਰੇਬਾਜ਼ੀ ਕੀਤੀ। ਯੂਨੀਅਨ ਦੇ ਆਗੂਆਂ ਅਮਨਦੀਪ ਕੰਬੋਜ, ਗੁਰਪ੍ਰੀਤ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਇੱਕ ਪਾਸੇ ਪੰਜਾਬ ਸਰਕਾਰ ਖੇਡ ਨਵੀਂ ਨੀਤੀ ਬਣਾ ਕੇ ਖੇਡਾਂ ਦਾ ਪੱਧਰ ਉੱਚਾ ਚੁੱਕਣ ਦੀਆਂ ਗੱਲਾਂ ਕਰਦੀ ਹੈ ਪਰ ਦੂਜੇ ਪਾਸੇ ਸਕੂਲਾਂ ਵਿੱਚ ਪੀਟੀਆਈ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਪੀਟੀਆਈ ਦੀਆਂ ਅਸਾਮੀਆਂ ਲਈ 23 ਜੁਲਾਈ ਨੂੰ ਭਰਤੀ ਲਈ ਬਿਨੈ ਪੱਤਰ ਭਰਨ ਲਈ ਪੋਰਟਲ ਖੋਲ੍ਹਿਆ ਸੀ ਜੋ 11 ਅਗਸਤ ਨੂੰ ਅਚਾਨਕ ਬੰਦ ਕਰ ਦਿੱਤਾ। ਆਗੂਆਂ ਨੇ ਕਿਹਾ ਕਿ ਵਿਭਾਗ ਨੇ ਇਸ ਨੂੰ ਅਦਾਲਤ ਦੇ ਹੁਕਮਾਂ ਅਨੁਸਾਰ ਕੀਤੀ ਕਾਰਵਾਈ ਕਰਾਰ ਦਿੱਤਾ। ਧਰਨਾਕਾਰੀਆਂ ਨੇ ਕਿਹਾ ਕਿ ਅਦਾਲਤ ਵੱਲੋਂ ਅਜਿਹਾ ਕੋਈ ਨਿਰਦੇਸ਼ ਨਹੀਂ ਦਿੱਤਾ ਗਿਆ ਸੀ ਸਗੋਂ ਸਰਕਾਰ ਵੱਲੋਂ ਹੀ ਪੋਰਟਲ ਬੰਦ ਕਰਨ ਅਤੇ ਭਰਤੀ ਲਈ ਤਿੰਨ ਮੈਂਬਰੀ ਕਮੇਟੀ ਬਣਾਉਣ ਸਬੰਧੀ ਅਦਾਲਤ ਵਿਚ ਆਖਿਆ ਗਿਆ ਸੀ। ਉਨ੍ਹਾਂ ਕਿਹਾ ਜਦੋਂ ਤੱਕ ਭਰਤੀ ਦਾ ਪੋਰਟਲ ਮੁੜ੍ਹ ਖੋਲ੍ਹ ਕੇ ਭਰਤੀ ਦੀ ਪ੍ਰਕਿਰਿਆ ਚਾਲੂ ਨਹੀਂ ਕੀਤੀ ਜਾਂਦੀ, ਉਦੋਂ ਤੱਕ ਪੱਕਾ ਧਰਨਾ ਜਾਰੀ ਰਹੇਗਾ।