DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟੌਲ ਪਲਾਜ਼ਾ 'ਤੇ ਧਰਨਾ ਦੇ ਰਹੇ ਪ੍ਰਦਰਸ਼ਨਕਾਰੀਆਂ ’ਤੇ ‘ਹਮਲਾ’, ਤਿੰਨ ਜ਼ਖ਼ਮੀ

ਟੌਲ ਮੁਲਾਜ਼ਮਾਂ ਦੀਆਂ ਦੋ ਧਿਰਾਂ ਦਰਮਿਆਨ ਝਗੜਾ ਹੋਣ ਦਾ ਦਾਅਵਾ
  • fb
  • twitter
  • whatsapp
  • whatsapp
featured-img featured-img
ਝਗੜੇ ਦੌਰਾਨ ਜ਼ਖ਼ਮੀ ਹੋਏ ਕਰਮਚਾਰੀ। -ਫੋਟੋ: ਬੇਦੀ
Advertisement

ਨਜ਼ਦੀਕੀ ਨਿੱਜਰਪੁਰਾ ਟੌਲ ਪਲਾਜ਼ਾ ’ਤੇ ਆਪਣੇ ਹੱਕਾਂ ਲਈ ਸ਼ਾਂਤਮਈ ਧਰਨਾ ਦੇ ਰਹੇ ਟੌਲ ਕਰਮਚਾਰੀਆਂ ’ਤੇ ਕੁਝ ਹਥਿਆਰਬੰਦ ਨੌਜਵਾਨਾਂ ਨੇ ਕਥਿਤ ਹਮਲਾ ਕਰ ਦਿੱਤਾ ਜਿਸ ਵਿੱਚ ਤਿੰਨ ਜਣੇ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਟੌਲ ਮੈਨੇਜਰ ਰਾਸ਼ਿਦ ਤੇ ਨਿਰਭੈ ਸਿੰਘ ਨੇ ਦੱਸਿਆ ਅੱਜ ਸਵੇਰੇ ਕਰੀਬ 9 ਵਜੇ ਤੋਂ ਟੌਲ ਦੇ ਕੁਝ ਕਰਮਚਾਰੀ ਜਿਨਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਤੋਂ ਹਾਈਵੇਅ ਅਥਾਰਟੀ ਨੇ ਟਰਮੀਨੇਟ ਕਰ ਦਿੱਤਾ ਸੀ, ਉਹ ਟੌਲ ਪਲਾਜ਼ੇ ’ਤੇ ਧਰਨਾ ਦੇ ਰਹੇ ਸਨ। ਮੈਨੇਜਰ ਨੇ ਦੱਸਿਆ ਕਿ ਦੁਪਹਿਰ ਸਮੇਂ ਧਰਨਾਕਾਰੀਆਂ ਨੇ ਜਦੋਂ ਟੌਲ ਮੁਫ਼ਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੂਸਰੇ ਕੁਝ ਟੌਲ ਕਰਮਚਾਰੀਆਂ ਨਾਲ ਤਕਰਾਰ ਹੋ ਗਈ, ਜੋ ਖੂਨੀ ਝੜਪ ਵਿੱਚ ਬਦਲ ਗਈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ’ਤੇ ਕਾਬੂ ਪਾਇਆ।

Advertisement

ਦੂਸਰੇ ਪਾਸੇ ਜ਼ਖ਼ਮੀ ਹੋਏ ਪ੍ਰਦਰਸ਼ਨਕਾਰੀ ਬਲਵਿੰਦਰ ਸਿੰਘ, ਗੁਰਵੇਲ ਸਿੰਘ ਅਤੇ ਕੁਲਦੀਪ ਸਿੰਘ ਲਾਡੀ ਨੇ ਦੱਸਿਆ ਕਿ ਉਹ ਆਪਣੇ ਪ੍ਰਾਵੀਡੈਂਟ ਫੰਡ ਤੇ ਹੋਰ ਹੱਕੀ ਮੰਗਾਂ ਵਾਸਤੇ ਅਤੇ ਬਲਵਿੰਦਰ ਸਿੰਘ ਨੂੰ ਬਿਨਾਂ ਕਿਸੇ ਕਾਰਨ ਤੁਰੰਤ ਹਾਈਵੇਅ ਅਥਾਰਟੀ ਵੱਲੋਂ ਟਰਮੀਨੇਟ ਕਰਨ ਦੇ ਰੋਸ ਵਜੋਂ ਟੌਲ ਪਲਾਜ਼ੇ ਦੇ ਇੱਕ ਪਾਸੇ ਬੈਠ ਕੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ। ਇਸ ਮੌਕੇ ਟੌਲ 'ਤੇ ਸਥਿਤ ਕੁਝ ਕਰਮਚਾਰੀ ਗੁਰਪ੍ਰੀਤ ਸਿੰਘ ਗੋਪੀ ਦੀ ਅਗਵਾਈ ਹੇਠ ਆਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਟੌਲ ਮੁਫਤ ਨਹੀਂ ਕੀਤਾ, ਨਾ ਹੀ ਕੰਮ ਵਿੱਚ ਵਿਘਨ ਪਾਇਆ ਗਿਆ। ਇਸਦੇ ਬਾਵਜੂਦ ਉਨ੍ਹਾਂ ’ਤੇ ਹਮਲਾ ਕੀਤਾ ਗਿਆ।

ਇਸ ਸਬੰਧੀ ਗੱਲ ਕਰਦਿਆਂ ਟੌਲ ਯੂਨੀਅਨ ਦੇ ਪ੍ਰਧਾਨ ਬਾਈ ਨਛੱਤਰ ਸਿੰਘ ਨੇ ਦੋਸ਼ ਲਾਇਆ ਕਿ ਆਪਣੀਆਂ ਜਾਇਜ਼ ਹੱਕਾਂ ਦੀ ਮੰਗ ਕਰ ਰਹੇ ਟੌਲ ਕਰਮਚਾਰੀਆਂ ’ਤੇ ਠੇਕੇਦਾਰ ਦੇ ਕਥਿਤ ਗੁੰਡਿਆਂ ਵੱਲੋਂ ਹਮਲਾ ਕੀਤਾ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਭਲਕ ਤੋਂ ਪੰਜਾਬ ਭਰ ਦੇ ਟੌਲਾਂ ਉੱਪਰ ਜਾਮ ਲਾ ਕੇ ਪ੍ਰਦਰਸ਼ਨ ਕਰਨਗੇ।

ਇਸ ਸਬੰਧੀ ਜੰਡਿਆਲਾ ਗੁਰੂ ਥਾਣੇ ਦੇ ਐੱਸਐੱਚਓ ਇੰਸਪੈਕਟਰ ਮੁਖਤਿਆਰ ਸਿੰਘ ਨੇ ਕਿਹਾ ਕਿ ਟੌਲ ਕਰਮਚਾਰੀਆਂ ਅਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਆਪਸੀ ਝਗੜੇ ਵਿੱਚ ਕੁਝ ਜਣੇ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਮਾਨਾਂਵਾਲਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਮੈਡੀਕਲ ਰਿਪੋਰਟ ਦੇ ਆਧਾਰ ਅਤੇ ਪੂਰੀ ਜਾਂਚ ਮਗਰੋਂ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Advertisement
×