ਅਬੋਹਰ ਮੁਕਾਬਲੇ ਦੀ ਸੀਬੀਆਈ ਜਾਂਚ ਲਈ ਮੁਜ਼ਾਹਰਾ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 10 ਜੁਲਾਈ
ਅਬੋਹਰ ਵਿੱਚ ਪੰਜਾਬ ਪੁਲੀਸ ਵੱਲੋਂ ਕੀਤੇ ਮੁਕਾਬਲੇ ਨੂੰ ਫਰਜ਼ੀ ਕਰਾਰ ਦਿੰਦਿਆਂ ਅੱਜ ਇੱਥੇ ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਮਿਨੀ ਸਕੱਤਰੇਤ ’ਚ ਮ੍ਰਿਤਕ ਜਸਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਐੱਸਡੀਐੱਮ ਦਫ਼ਤਰ ਅੱਗੇ ਮੁਜ਼ਾਹਰਾ ਕੀਤਾ ਗਿਆ। ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਲੋਕਾਂ ਨੇ ਪੰਜਾਬ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪੁਲੀਸ ਮੁਕਾਬਲੇ ਨੂੰ ਕਤਲ ਕਰਾਰ ਦਿੱਤਾ ਹੈ। ਇਸ ਮੌਕੇ ਬਸਪਾ ਦੇ ਜ਼ਿਲ੍ਹਾ ਕੋਆਰਡੀਨੇਟਰ ਐਡਵੋਕੇਟ ਜਸਪਾਲ ਸਿੰਘ, ਸੂਬਾ ਮੀਤ ਪ੍ਰਧਾਨ ਬਲਦੇਵ ਸਿੰਘ ਮਹਿਰਾ, ਹਲਕਾ ਪ੍ਰਧਾਨ ਰਾਜਿੰਦਰ ਸਿੰਘ ਚਪੜ ਤੇ ਪ੍ਰਧਾਨ ਸੁਖਜਿੰਦਰ ਸਿੰਘ ਤੇਪਲਾ ਹਾਜ਼ਰ ਸਨ। ਬੁਲਾਰਿਆਂ ਕਿਹਾ ਕਿ ਪੁਲੀਸ ਨੇ ਸਾਜ਼ਿਸ਼ ਤਹਿਤ ਜਸਪ੍ਰੀਤ ਨੂੰ ਰਾਤ ਡੇਢ ਵਜੇ ਦੇ ਕਰੀਬ ਘਰ ਤੋਂ ਚੁੱਕਿਆ ਅਤੇ ਅਬੋਹਰ ਜਾ ਕੇ ਕਤਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੁਲੀਸ ਨੇ ਜਸਪ੍ਰੀਤ ਨੂੰ ਗ੍ਰਿਫ਼ਤਾਰ ਕਰਨ ਦੇ ਕਾਰਨ, ਜੁਰਮ ਬਾਰੇ ਪਰਿਵਾਰਕ ਮੈਂਬਰਾਂ ਨੂੰ ਕੁਝ ਨਹੀਂ ਦੱਸਿਆ। ਐਡਵੋਕੇਟ ਕਾਮੀ ਕਲਾਂ ਨੇ ਦੱਸਿਆ ਕਿ ਪੁਲੀਸ ਜਸਪ੍ਰੀਤ ਦੀ ਮਾਤਾ ਅਤੇ ਛੋਟੀ ਭੈਣ ਨੂੰ ਵੀ ਚੁੱਕ ਕੇ ਲਿਜਾ ਰਹੀ ਸੀ ਪਰ ਪਿੰਡ ਵਾਸੀਆਂ ਦੇ ਵਿਰੋਧ ਕਾਰਨ ਉਨ੍ਹਾਂ ਨੂੰ ਮਜਬੂਰੀਵੱਸ ਉੱਥੇ ਹੀ ਛੱਡਣਾ ਪਿਆ।
ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਪੁਲੀਸ ਸੂਬੇ ਦੇ ਹਾਲਾਤ ਖ਼ਰਾਬ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਪੁਲੀਸ ਦੀ ਇਸ ਕਾਰਵਾਈ ਦੀ ਨਿਖੇਧੀ ਕਰਦੀ ਹੈ। ਆਗੂਆਂ ਨੇ ਐੱਸਡੀਐੱਮ ਅਵਿਕੇਸ਼ ਗੁਪਤਾ ਰਾਹੀਂ ਰਾਜਪਾਲ ਨੂੰ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ, ਅਬੋਹਰ ਮੁਕਾਬਲੇ ਦੀ ਸੀਬੀਆਈ ਜਾਂਚ ਕਰਨ ਅਤੇ ਦੋਸ਼ੀ ਪੁਲੀਸ ਮੁਲਾਜ਼ਮਾਂ ਨੂੰ ਬਰਖ਼ਾਸਤ ਕਰ ਕੇ ਕੇਸ ਦਰਜ ਕਰਨ ਦੀ ਮੰਗ ਕੀਤੀ। ਇਸ ਮੌਕੇ ਜਸਪ੍ਰੀਤ ਦੀ ਮਾਤਾ ਨੇ ਕਿਹਾ ਕਿ ਪੁਲੀਸ ਉਸ ਦੇ ਪੁੱਤ ਨੂੰ ਹੱਥਕੜੀਆਂ ਲਗਾ ਕੇ ਲੈ ਗਈ ਸੀ ਅਤੇ ਦੂਜੇ ਦਿਨ ਉਨ੍ਹਾਂ ਨੂੰ ਮੀਡੀਆ ਰਾਹੀਂ ਪਤਾ ਲੱਗਿਆ ਕਿ ਉਨ੍ਹਾਂ ਦੇ ਪੁੱਤਰ ਨੂੰ ਪੁਲੀਸ ਨੇ ਮਾਰ ਦਿੱਤਾ ਹੈ।