ਅੰਮ੍ਰਿਤਪਾਲ ਸਿੰਘ ਦੀ ਜ਼ਮਾਨਤ ਲਈ ਪ੍ਰਦਰਸ਼ਨ
ਅਕਾਲੀ ਦਲ ਵਾਰਿਸ ਪੰਜਾਬ ਦੇ ਕਾਰਕੁਨਾਂ ਨੇ ਗਲਾਂ ਵਿੱਚ ਸੰਗਲ ਪਾ ਕੇ ਮਾਰਚ ਕੀਤਾ
ਜਗਤਾਰ ਿਸੰਘ ਲਾਂਬਾ
ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਤੇ ਸਮਰਥਕਾਂ ਨੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਜ਼ਮਾਨਤ ਅਰਜ਼ੀ ਦਾ ਪੰਜਾਬ ਸਰਕਾਰ ਵੱਲੋਂ ਵਿਰੋਧ ਕਰਨ ਖ਼ਿਲਾਫ਼ ਅੱਜ ਇੱਥੇ ਰਣਜੀਤ ਐਵੇਨਿਊ ਤੋਂ ਗਲਾਂ ਵਿੱਚ ਸੰਗਲ ਪਾ ਕੇ ਤੇ ਕਾਲੇ ਰਿਬਨ ਬੰਨ੍ਹ ਕੇ ਮਾਰਚ ਕਰਨ ਮਗਰੋਂ ਡੀ ਸੀ ਦਫ਼ਤਰ ਅੱਗੇ ਧਰਨਾ ਦਿੱਤਾ।
ਪ੍ਰਦਰਸ਼ਨ ਦੀ ਅਗਵਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕੀਤੀ। ਧਰਨੇ ਮੌਕੇ ਡੀ ਸੀ ਦਫ਼ਤਰ ਨੂੰ ਮੰਗ ਪੱਤਰ ਦਿੰਦਿਆਂ ਰਾਸ਼ਟਰਪਤੀ, ਲੋਕ ਸਭਾ ਸਪੀਕਰ ਅਤੇ ਪੰਜਾਬ ਦੇ ਰਾਜਪਾਲ ਤੋਂ ਫੌਰੀ ਦਖ਼ਲ ਦੇ ਕੇ ਨਿਆਂ ਦੀ ਮੰਗ ਕੀਤੀ ਗਈ। ਅੰਮ੍ਰਿਤਪਾਲ ਸਿੰਘ ਲਗਪਗ ਦੋ ਸਾਲ ਤੋਂ ਵੱਧ ਸਮੇਂ ਤੋਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਧਰਨੇ ਦੌਰਾਨ ਬੁਲਾਰਿਆਂ ਨੇ ਦੋਸ਼ ਲਾਇਆ ਕਿ ਨਾਜਾਇਜ਼ ਤੌਰ ’ਤੇ ਪਹਿਲਾਂ ਕੌਮੀ ਸੁਰੱਖਿਆ ਕਾਨੂੰਨ ਲਾ ਕੇ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਤੋਂ ਦੂਰ ਭੇਜਿਆ ਗਿਆ, ਫਿਰ ਤਿੰਨ ਵਾਰ ਐੱਨ ਐੱਸ ਏ ਦੀ ਮਿਆਦ ਵਧਾਈ ਗਈ।
ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਜਮਹੂਰੀ ਅਧਿਕਾਰਾਂ ਨੂੰ ਕੁਚਲਣਾ ਚਾਹੁੰਦੀ ਹੈ। ਲੋਕ ਸਭਾ ਵਿੱਚ ਪੰਜਾਬ ਦਾ ਮੁੱਦਾ ਚੁੱਕਣ ਲਈ ਜ਼ਮਾਨਤ ਦੇਣ ਲਈ ਅਦਾਲਤ ਵਿੱਚ ਦਾਇਰ ਅਰਜ਼ੀ ਪੰਜਾਬ ਸਰਕਾਰ ਨੇ ਰੱਦ ਕਰਵਾ ਦਿੱਤੀ ਹੈ। ਇਸ ਮੌਕੇ ਤਰਸੇਮ ਸਿੰਘ ਨੇ ਕਿਹਾ ਕਿ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦੇ ਨੂੰ ਸੰਸਦ ਵਿੱਚ ਬੋਲਣ ਨਾ ਦੇਣਾ ਜਮਹੂਰੀ ਹੱਕਾਂ ਦਾ ਘਾਣ ਹੈ। ਇਹ ਪ੍ਰਦਰਸ਼ਨ ਸਰਕਾਰ ਨੂੰ ਚਿਤਾਵਨੀ ਦੇਣ ਲਈ ਹੈ ਕਿ ਲੋਕਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਸੰਘਰਸ਼ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਅਤੇ ਸੰਵਿਧਾਨਿਕ ਹੱਕਾਂ ਦੀ ਬਹਾਲੀ ਤੱਕ ਜਾਰੀ ਰਹੇਗਾ।

