DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੌਲ ਮਿੱਲ ਮਾਲਕਾਂ ਵੱਲੋਂ ਗੁਣਵੱਤਾ ਪਰਖ ਅਧਿਕਾਰੀਆਂ ਖ਼ਿਲਾਫ਼ ਧਰਨਾ

ਸ਼ਗਨ ਕਟਾਰੀਆ ਬਠਿੰਡਾ, 7 ਫ਼ਰਵਰੀ ਪੰਜਾਬ ਰਾਈਸ ਮਿੱਲਰਜ਼ ਐਸੋਸੀਏਸ਼ਨ ਨੇ ਅੱਜ ਇਥੇ ਭਾਰਤੀ ਖੁਰਾਕ ਨਿਗਮ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਅਤੇ ਐਸੋਸੀਏਸ਼ਨ ਦੇ ਮੈਂਬਰਾਂ ਨੇ ਰੋਸ ਜ਼ਾਹਿਰ ਕੀਤਾ ਕਿ ਨਿਗਮ ਅਧਿਕਾਰੀ ਰਾਈਸ ਮਿੱਲਾਂ ਦੀ ਚੈਕਿੰਗ ਕਰ ਕੇ ਉੱਚ ਕੁਆਲਿਟੀ ਦੇ...
  • fb
  • twitter
  • whatsapp
  • whatsapp
featured-img featured-img
ਬਠਿੰਡਾ ’ਚ ਐੱਫਸੀਆਈ ਦਫ਼ਤਰ ਅੱਗੇ ਧਰਨਾ ਦਿੰਦੇ ਹੋਏ ਚੌਲ ਮਿੱਲ ਮਾਲਕ। -ਫੋਟੋ: ਪਵਨ ਸ਼ਰਮਾ
Advertisement

ਸ਼ਗਨ ਕਟਾਰੀਆ

ਬਠਿੰਡਾ, 7 ਫ਼ਰਵਰੀ

Advertisement

ਪੰਜਾਬ ਰਾਈਸ ਮਿੱਲਰਜ਼ ਐਸੋਸੀਏਸ਼ਨ ਨੇ ਅੱਜ ਇਥੇ ਭਾਰਤੀ ਖੁਰਾਕ ਨਿਗਮ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਅਤੇ ਐਸੋਸੀਏਸ਼ਨ ਦੇ ਮੈਂਬਰਾਂ ਨੇ ਰੋਸ ਜ਼ਾਹਿਰ ਕੀਤਾ ਕਿ ਨਿਗਮ ਅਧਿਕਾਰੀ ਰਾਈਸ ਮਿੱਲਾਂ ਦੀ ਚੈਕਿੰਗ ਕਰ ਕੇ ਉੱਚ ਕੁਆਲਿਟੀ ਦੇ ਚੌਲਾਂ ਦੀ ਗੁਣਵੱਤਾ ’ਤੇ ਜਾਣ-ਬੁੱਝ ਕੇ ਇਤਰਾਜ਼ ਜਤਾ ਰਹੇ ਹਨ।

ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭਾਰਤ ਭੂਸ਼ਨ ਬਿੰਟਾ ਨੇ ਕਿਹਾ ਕਿ ਗੁਣਵੱਤਾ ਪਰਖ ਵਿੰਗ ਦੇ ਮੁਖੀ ਅਤੇ ਇਕ ਏਜੀਐਮ ਵੱਲੋਂ ਲੰਘੇ ਦਿਨੀਂ ਮੌੜ ਮੰਡੀ, ਜਗਰਾਓਂ ਅਤੇ ਸੁਲਤਾਨਪੁਰ ਲੋਧੀ ਸਥਿਤ ਰਾਈਸ ਮਿੱਲਾਂ ’ਤੇ ਜਾ ਕੇ, ਚੌਲਾਂ ਦੇ ਲੱਗੇ ਚੱਕਿਆਂ ਦਾ ਨਿਰੀਖ਼ਣ ਕੀਤਾ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ’ਚ ਸਭ ਤੋਂ ਵਧੀਆ ਕੁਆਲਿਟੀ ਦੇ ਚੌਲ ਹੋਣ ਦੇ ਬਾਵਜੂਦ ਇਨ੍ਹਾਂ ਦੀ ਗੁਣਵੱਤਾ ’ਤੇ ਪਰਖ ਟੀਮ ਵੱਲੋਂ ਸੁਆਲੀਆ ਚਿੰਨ੍ਹ ਲਾਇਆ ਗਿਆ ਹੈ। ਬਿੰਟਾ ਨੇ ਅਧਿਕਾਰੀਆਂ ’ਤੇ ਕਥਿਤ ‘ਵੱਢੀਖੋਰ’ ਹੋਣ ਦਾ ਇਲਜ਼ਾਮ ਲਾਉਂਦਿਆਂ ਖੁਲਾਸਾ ਕੀਤਾ ਕਿ ਜਦੋਂ ਤੋਂ ਕੇਂਦਰ ’ਚ ਪਿਯੂਸ਼ ਗੋਇਲ ਖੁਰਾਕ ਮੰਤਰੀ ਬਣੇ ਹਨ ਉਦੋਂ ਤੋਂ ਰਿਸ਼ਵਤਖੋਰ ਅਧਿਕਾਰੀਆਂ ਨੂੰ ਲਗਾਮ ਲੱਗੀ ਹੈ ਪਰ ਹੁਣ ਅਫ਼ਸਰ ਮੁੜ ਹੱਥ ਰੰਗਣ ਲਈ ਕੋਈ ਨਾ ਕੋਈ ਬਹਾਨਾ ਲੱਭਦੇ ਰਹਿੰਦੇ ਹਨ ਅਤੇ ਉਕਤ ਪ੍ਰਕਿਰਿਆ ਵੀ ਉਸੇ ਕਾਰਵਾਈ ਦਾ ਇਕ ਹਿੱਸਾ ਹੈ। ਸੂਬਾ ਪ੍ਰਧਾਨ ਨੇ ਉਕਤ ਜ਼ਿਕਰਯੋਗ ਜਾਂਚ ਅਧਿਕਾਰੀਆਂ ਦੀ ਜਾਇਦਾਦ ਦੀ ਪੜਤਾਲ ਦੀ ਮੰਗ ਕਰਦਿਆਂ ਚਿਤਾਵਨੀ ਕੀਤੀ ਕਿ ਜੇਕਰ ਮਿੱਲਰਾਂ ਨੂੰ ਬੇਵਜ੍ਹਾ ਖੁਆਰ ਕਰਨਾ ਬੰਦ ਅਤੇ ਉਨ੍ਹਾਂ ਜਾਇਦਾਦ ਦੀ ਜਾਂਚ ਨਾ ਕਰਵਾਈ ਗਈ ਤਾਂ ਜਥੇਬੰਦੀ ਵਿਆਪਕ ਅੰਦੋਲਨ ਵਿੱਢੇਗੀ।

ਅਧਿਕਾਰੀ ਨਾ ਸਮਝੇ ਤਾਂ ਤਿੱਖਾ ਸੰਘਰਸ਼ ਵਿੱਢਾਂਗੇ: ਤਰਸੇਮ ਸੈਣੀ

ਪਟਿਆਲਾ (ਸਰਬਜੀਤ ਸਿੰਘ ਭੰਗੂ): ‘ਪੰਜਾਬ ਰਾਈਸ ਮਿਲਰਜ਼ ਐਸੋਸੀਏਸ਼ਨ’ ਦੇ ਸੂਬਾਈ ਪ੍ਰਧਾਨ ਤਰਸੇਮ ਸੈਣੀ ਨੇ ਐਫਸੀਆਈ ਦੇ ਅਧਿਕਾਰੀਆਂ, ਖਾਸ ਕਰਕੇ ਇੱਕ ਉੱਚ ਅਧਿਕਾਰੀ ’ਤੇ ਰਾਈਸ ਮਿੱਲਰਾਂ ਨੂੰ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਬਿਨਾਂ ਸ਼ੱਕ ਐੱਫਸੀਆਈ ’ਚ ਅਨੇਕਾਂ ਅਧਿਕਾਰੀ ਅਤੇ ਮੁਲਾਜਮ ਚੰਗੇ ਵੀ ਹਨ ਜੋ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਅ ਰਹੇ ਹਨ ਪਰ ਇੱਕ ਉੱਚ ਅਧਿਕਾਰੀ ਅਤੇ ਉਸ ਦੇ ਚਹੇਤੇ ਕਈ ਹੇਠਲੇ ਅਧਿਕਾਰੀਆਂ ਨੇ ਮਿੱਲਰਾਂ ਦੇ ਨੱਕ ’ਚ ਦਮ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕਈ ਥਾਈਂ ਅਪਲਾਈ ਕਰਨ ਦੇ ਬਾਵਜੂਦ ਵੀ ਦਸ-ਦਸ ਦਿਨਾਂ ਤੱਕ ਚੌਲ ਲਾਉਣ ਲਈ ਥਾਂ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਜੇਕਰ ਇਹ ਅਧਿਕਾਰੀ ਆਪਣੀਆਂ ਸ਼ੈਲਰ ਵਿਰੋਧੀ ਹਰਕਤਾਂ ਤੋਂ ਬਾਜ਼ ਨਾ ਆਇਆ, ਤਾਂ ਐਸੋਸੀਏਸ਼ਨ ਵੱਲੋਂ ਉਸ ਦੇ ਖਿਲਾਫ਼ ਸੀਬੀਆਈ ਅਤੇ ਵਿਜੀਲੈਂਸ ਬਿਓਰੋ ਨੂੰ ਵੀ ਲਿਖਿਆ ਜਾਵੇਗਾ।

Advertisement
×