ਗੁਰਬਖਸ਼ਪੁਰੀ
ਮਾਣ ਭੱਤਾ ਵਰਕਰਜ਼ ਸਾਂਝਾ ਮੋਰਚਾ ਪੰਜਾਬ ਦੇ ਸੱਦੇ ’ਤੇ ਅੱਜ ਸੂਬੇ ਭਰ ਤੋਂ ਆਈਆਂ ਵੱਡੀ ਗਿਣਤੀ ਆਸ਼ਾ ਵਰਕਰਾਂ, ਆਸ਼ਾ ਫੈਸਿਲੀਟੇਟਰਾਂ ਅਤੇ ਮਿੱਡ-ਡੇਅ ਮੀਲ ਵਰਕਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ’ਤੇ ਚੋਣਾਂ ਤੋਂ ਪਹਿਲਾਂ ਮਾਣ ਭੱਤੇ ਵਿੱਚ ਵਾਧਾ ਕਰਨ ਦੇ ਕੀਤੇ ਵਾਅਦੇ ਤੋਂ ਮੁਕਰਨ ਦਾ ਦੋਸ਼ ਲਾਇਆ।
ਜਥੇਬੰਦੀ ਦੀ ਆਗੂ ਮਨਦੀਪ ਕੌਰ ਬਿਲਗਾ ਅਤੇ ਲਖਵਿੰਦਰ ਕੌਰ ਫ਼ਰੀਦਕੋਟ ਦੀ ਅਗਵਾਈ ਹੇਠ ਹੋਏ ਇਸ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੀਆਂ ਆਗੂਆਂ ਸ਼ਕੁੰਤਲਾ ਸਰੋਏ, ਪਰਮਜੀਤ ਕੌਰ ਮਾਨ, ਮਮਤਾ ਸ਼ਰਮਾ, ਸਰਬਜੀਤ ਕੌਰ ਫ਼ਰੀਦਕੋਟ, ਰਮਨਜੀਤ ਕੌਰ ਮੁਕਤਸਰ ਅਤੇ ਬੀਨਾ ਘੱਗਾ ਨੇ ਕਿਹਾ ਕਿ ‘ਆਪ’ ਸਰਕਾਰ ਆਪਣੇ ਚੋਣ ਵਾਅਦੇ ਤੋਂ ਭੱਜ ਗਈ ਹੈ, ਜਿਸ ਕਾਰਨ ਉਹ ਨਿਗੂਣੇ ਮਾਣ ਭੱਤੇ ਨਾਲ ਗੁਜ਼ਾਰਾ ਕਰਨ ਲਈ ਮਜਬੂਰ ਹਨ।
ਇੱਥੋਂ ਦੇ ਗਾਂਧੀ ਮਿਉਂਸਿਪਲ ਪਾਰਕ ਵਿੱਚ ਰੈਲੀ ਕਰ ਰਹੀਆਂ ਵਰਕਰਾਂ ਨੂੰ ਰੋਕਣ ਲਈ ਪੰਜਾਬ ਪੁਲੀਸ ਨੇ ਪਾਰਕ ਦੇ ਗੇਟਾਂ ਨੂੰ ਜਿੰਦਰੇ ਲਾ ਦਿੱਤੇ ਪਰ ਪੁਲੀਸ ਦੀ ਇਸ ਕਾਰਵਾਈ ਦਾ ਸਖ਼ਤ ਵਿਰੋਧ ਕਰਦਿਆਂ ਵਰਕਰਾਂ ਨੇ ਘੇਰਾ ਤੋੜ ਕੇ ਆਮ ਆਦਮੀ ਪਾਰਟੀ ਦੇ ਚੋਣ ਦਫ਼ਤਰ ਤੱਕ ਰੋਸ ਮਾਰਚ ਕੀਤਾ। ਇਸ ਦੌਰਾਨ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਥੇਬੰਦੀ ਦੇ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਉਨ੍ਹਾਂ ਦੇ ਮਾਣ ਭੱਤੇ ਵਿੱਚ ਜਲਦੀ ਹੀ ਵਾਧਾ ਨਾ ਕੀਤਾ ਗਿਆ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ ਅਤੇ ਇਹ ਸੰਘਰਸ਼ ਮੰਗਾਂ ਮੰਨੇ ਜਾਣ ਤੱਕ ਜਾਰੀ ਰਹੇਗਾ।

