ਨਾਜਾਇਜ਼ ਖਣਨ ਖ਼ਿਲਾਫ਼ ਸਤਲੁਜ ਪੁਲ ’ਤੇ ਪ੍ਰਦਰਸ਼ਨ
ਪੁਲੀਸ ਵੱਲੋਂ ਨਾਜਾਇਜ਼ ਖਣਨ ਬੰਦ ਕਰਾੳੁਣ ਅਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾੲੀ ਦਾ ਭਰੋਸਾ ਦੇਣ ਮਗਰੋਂ ਧਰਨਾ ਚੁੱਕਿਆ
ਇਥੇ ਸਤਲੁਜ ਦਰਿਆ ਵਿੱਚ ਨਾਜਾਇਜ਼ ਮਾਈਨਿੰਗ ਬੰਦ ਕਰਵਾਉਣ ਲਈ ਅੱਜ ਲੋਕਾਂ ਨੇ ਮਾਲਵੇ ਨੂੰ ਦੋਆਬੇ ਨਾਲ ਜੋੜਦੇ ਦਰਿਆ ਵਾਲੇ ਪੁਲ ’ਤੇ ਪ੍ਰਦਰਸ਼ਨ ਕੀਤਾ। ਇਸ ’ਤੇ ਥਾਣਾ ਸਿੱਧਵਾਂ ਬੇਟ ਮੁਖੀ ਨੇ ਮੌਕੇ ‘ਤੇ ਪਹੁੰਚ ਕੇ ਵਲੀਪੁਰ ਵਾਲੀ ਨਾਜਾਇਜ਼ ਮਾਈਨਿੰਗ ਬੰਦ ਕਰਵਾਉਣ ਅਤੇ ਬਾਕੀ ਥਾਵਾਂ ’ਤੇ ਵੀ ਕਾਰਵਾਈ ਦੇ ਭਰੋਸਾ ਦਿੱਤਾ, ਜਿਸ ਮਗਰੋਂ ਆਵਾਜਾਈ ਬਹਾਲ ਕੀਤੀ ਗਈ। ਜਮਹੂਰੀ ਕਿਸਾਨ ਸਭਾ, ਆਲ ਇੰਡੀਆ ਕਿਸਾਨ ਸਭਾ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਆਗੂਆਂ ਨੇ ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਉਨ੍ਹਾਂ ਮੰਗ ਕੀਤੀ ਕਿ ਇਕੱਲੀ ਨਾਜਾਇਜ਼ ਮਾਈਨਿੰਗ ਬੰਦ ਨਾ ਕਰਵਾਈ ਜਾਵੇ, ਸਗੋਂ ਇਸ ਸਬੰਧੀ ਬਣਦੀ ਕਾਰਵਾਈ ਕਰਕੇ ਪਰਚੇ ਵੀ ਦਰਜ ਹੋਣ। ਬੁਲਾਰਿਆਂ ਨੇ ਕਿਹਾ ਕਿ ਜੇ ਬੰਦ ਕੀਤਾ ਰੇਤੇ ਦਾ ਟੱਕ ਦੁਬਾਰਾ ਚੱਲਿਆ ਅਤੇ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਕਾਰਵਾਈ ਨਾ ਹੋਈ ਤਾਂ ਭਲਕੇ ਪੰਜ ਦਸੰਬਰ ਨੂੰ ਵੱਖ-ਵੱਖ ਜਥੇਬੰਦੀਆਂ ਮੀਟਿੰਗ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕਰਨਗੀਆਂ। ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਮੇਜਰ ਸਿੰਘ ਖੁਰਲਾਪੁਰ, ਬਲਰਾਜ ਸਿੰਘ ਕੋਟਉਮਰਾ, ਆਲ ਇੰਡੀਆ ਕਿਸਾਨ ਸਭਾ ਦੇ ਸੂਬਾਈ ਆਗੂ ਸੰਦੀਪ ਅਰੋੜਾ, ਦਿਲਬਾਗ ਸਿੰਘ ਚੰਦੀ, ਦਿਹਾਤੀ ਮਜ਼ਦੂਰ ਸਭਾ ਦੇ ਬਲਜੀਤ ਸਿੰਘ ਗੋਰਸੀਆਂ, ਸਤਨਾਮ ਸਿੰਘ ਖਹਿਰਾ, ਮਹਿੰਦਰ ਸਿੰਘ ਬੰਬ ਤੇ ਸੁਰਜੀਤ ਸਿੰਘ ਗੋਰਸੀਆਂ ਨੇ ਕਿਹਾ ਕਿ ਹੜ੍ਹਾਂ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਕਿਸਾਨ ਦੀ ਜ਼ਮੀਨ ਵਿੱਚ ਆਏ ਰੇਤੇ ਨੂੰ ਕਿਸਾਨਾਂ ਦਾ ਕਰਾਰ ਦਿੱਤਾ ਸੀ।
ਸੰਯੁਕਤ ਕਿਸਾਨ ਮੋਰਚੇ ਨੇ ਜਿਸ ਦਾ ਖੇਤ ਉਸ ਦੀ ਰੇਤ ਦੇ ਨਾਅਰੇ ਹੇਠ ਸਰਕਾਰ ਕੋਲੋਂ ਮੰਗ ਕੀਤੀ ਸੀ ਕਿ ਕਿਸਾਨ ਦੀ ਫ਼ਸਲ ਤਾਂ ਉੱਗ ਨਹੀਂ ਸਕਦੀ ਪਰ ਘਰ ਚਲਾਉਣ ਲਈ ਆਪਣੇ ਖੇਤਾਂ ਵਿੱਚ ਪਈ ਰੇਤਾ ਵੇਚ ਕੇ ਹੀ ਗੁਜ਼ਾਰਾ ਕਰ ਲਵੇਗਾ। ਮੁੱਖ ਮੰਤਰੀ ਨੇ ਵੀ ਇਸ ਨਾਅਰੇ ਹੇਠ ਕਿਸਾਨਾਂ ਨੂੰ ਰੇਤਾ ਚੁੱਕਣ ਦੀ ਮਨਜ਼ੂਰੀ ਦੇ ਦਿੱਤੀ ਸੀ। ਆਗੂਆਂ ਨੇ ਕਿਹਾ ਕਿ ਇਥੇ ਕੁਝ ਹੋਰ ਹੀ ਕਹਾਵਤ ਨਜ਼ਰ ਆ ਰਹੀ ਹੈ ਕਿ ਜਿਸ ਦਾ ਖੇਤ ਉਸ ਦੀ ਰੇਤ ਦੇ ਬਦਲੇ ਕਿਸਾਨ ਦਾ ਖੇਤ ਮਾਫੀਏ ਦੀ ਰੇਤ ਵਾਲਾ ਮਾਹੌਲ ਹੈ। ਅੱਜ ਤਾਂ ਮਾਫੀਏ ਨੇ ਹੱਦ ਹੀ ਕਰ ਦਿੱਤੀ ਤੇ ਉਸ ਨੇ ਸਤਲੁਜ ਪੁਲ ਹੇਠੋਂ ਸ਼ਰ੍ਹੇਆਮ ਪਾਬੰਦੀਸ਼ੁਦਾ ਮਸ਼ੀਨਾਂ ਨਾਲ ਰੇਤੇ ਦਾ ਟੱਕ ਚਲਾ ਲਿਆ। ਇਹ ਪਤਾ ਲੱਗਣ ‘ਤੇ ਹੀ ਉਨ੍ਹਾਂ ਮਜਬੂਰੀ ਵਿੱਚ ਸਤਲੁਜ ਦਰਿਆ ਵਾਲੇ ਪੁਲ ‘ਤੇ ਧਰਨਾ ਲਾਇਆ ਤੇ ਆਵਾਜਾਈ ਠੱਪ ਕਰਕੇ ਪ੍ਰਦਰਸ਼ਨ ਕੀਤਾ। ਉਨ੍ਹਾਂ ਮੰਗ ਕੀਤੀ ਕਿ ਗੈਰਕਾਨੂੰਨੀ ਮਾਈਨਿੰਗ ਕਰਨ ਵਾਲੇ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਥਾਣਾ ਮੁਖੀ ਹੀਰਾ ਸਿੰਘ ਨੇ ਭਰੋਸਾ ਦਿਵਾਇਆ ਕਿ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਸੱਦਿਆ ਗਿਆ ਹੈ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

