DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੋਟ ਕਰੋੜ ਕਲਾਂ ਟੌਲ ਪਲਾਜ਼ਾ ’ਤੇ ਧਰਨਾ ਮੁੜ ਸ਼ੁਰੂ

ਹੁਣ ਬੈਰੀਅਰ ਕਾਮਿਆਂ ਨੇ ਪਲਾਜ਼ਾ ਕੀਤਾ ਪਰਚੀ ਮੁਕਤ: ਕੰਪਨੀ ’ਤੇ ਤਨਖ਼ਾਹ ਨਾ ਦੇਣ ਦਾ ਦੋਸ਼
  • fb
  • twitter
  • whatsapp
  • whatsapp
featured-img featured-img
ਕੋਟ ਕਰੋੜ ਕਲਾਂ ਟੌਲ ਪਲਾਜ਼ਾ ’ਤੇ ਨਾਅਰੇਬਾਜ਼ੀ ਕਰਦੇ ਹੋਏ ਕਾਮੇ।
Advertisement
ਕੌਮੀ ਸ਼ਾਹਰਾਹ ਨੰਬਰ 54 (ਬਠਿੰਡਾ-ਅੰਮ੍ਰਿਤਸਰ ਸੈਕਸ਼ਨ) ’ਤੇ ਸਥਿਤ ਕੋਟ ਕਰੋੜ ਕਲਾਂ ਟੌਲ ਪਲਾਜ਼ਾ ’ਤੇ ਹੁਣ ਪਲਾਜ਼ਾ ਕਾਮਿਆਂ ਨੇ ਧਰਨਾ ਲਗਾ ਦਿੱਤਾ ਹੈ। ਬੈਰੀਅਰ ਨੂੰ ਅੱਜ ਸਵੇਰੇ 10 ਵਜੇ ਪਰਚੀ ਮੁਕਤ ਕਰ ਦਿੱਤਾ। ਰਾਹਗੀਰ ਫ਼ੀਸ ਅਦਾ ਕੀਤੇ ਬਿਨਾਂ ਹੀ ਇੱਥੋਂ ਲੰਘ ਰਹੇ ਹਨ। ਲੰਘੇ ਮਹੀਨੇ ਸ਼ਾਹਰਾਹ ’ਤੇ ਬੁਨਿਆਦੀ ਸਹੂਲਤਾਂ ਦੀ ਮੰਗ ਲਈ ਕਿਸਾਨ ਜਥੇਬੰਦੀਆਂ ਨੇ ਵੀ ਪਲਾਜ਼ਾ ਨੂੰ ਪਰਚੀ ਮੁਕਤ ਕਰੀ ਰੱਖਿਆ ਸੀ।

ਧਰਨੇ ’ਤੇ ਬੈਠੇ ਕਾਮਿਆਂ ਦੇ ਆਗੂ ਸੰਦੀਪ ਸਿੰਘ ਖੋਸਾ ਕੋਟਲਾ ਤੇ ਸੁਖਜੀਤ ਸਿੰਘ ਖੋਸਾ ਕੋਟ ਕਰੋੜੀਆ ਨੇ ਦੱਸਿਆ ਕਿ ਪਲਾਜ਼ਾ ਦਾ ਟੈਂਡਰ ਹੁਣ ਹੋਰ ਕੰਪਨੀ ਨੂੰ ਅਲਾਟ ਹੋ ਗਿਆ ਹੈ।

Advertisement

ਪੁਰਾਣੀ ਕੰਪਨੀ ਰਾਇਲ ਦੀਪ ਕੰਸਟਰੱਕਸ਼ਨ ਪ੍ਰਾਈਵੇਟ ਲਿਮਟਿਡ ਦੀ ਨੀਯਤ ਕਥਿਤ ਤੌਰ ’ਤੇ ਠੀਕ ਨਹੀਂ ਹੈ। ਕੰਪਨੀ ਇੱਥੇ ਤਾਇਨਾਤ 60 ਪੁਰਸ਼-ਔਰਤ ਕਾਮਿਆਂ ਦੀ ਤਨਖ਼ਾਹ ਦੇਣ ਤੋਂ ਆਨਾਕਾਨੀ ਕਰ ਰਹੀ ਹੈ। ਪਹਿਲਾਂ ਹਰ ਮਹੀਨੇ ਦੀ 6-7 ਤਰੀਕ ਤੱਕ ਕਾਮਿਆਂ ਨੂੰ ਮਿਹਨਤਾਨਾ ਮਿਲ ਜਾਂਦਾ ਸੀ। ਇਸ ਵਾਰ ਅੱਜ 8 ਸਤੰਬਰ ਦਾ ਦਿਨ ਵੀ ਬੀਤ ਚੁੱਕਾ ਹੈ। ਕਾਮੇ ਸਵੇਰ ਤੋਂ ਹੜਤਾਲ ’ਤੇ ਹੋਣ ਦੇ ਬਾਵਜੂਦ ਕੰਪਨੀ ਨੇ ਉਨ੍ਹਾਂ ਨਾਲ ਰਾਬਤਾ ਨਹੀਂ ਕੀਤਾ।

ਆਗੂਆਂ ਨੇ ਦੱਸਿਆ ਕਿ ਕੰਪਨੀ ਪਿਛਲੇ ਮਹੀਨੇ ਕਿਸਾਨਾਂ ਵੱਲੋਂ ਲਗਾਏ ਗਏ ਧਰਨੇ ਦੇ 9 ਦਿਨਾਂ ਦੀ ਤਨਖ਼ਾਹ ਵੀ ਕੱਟਣ ਦੇ ਰੌਂਅ ਵਿੱਚ ਹੈ। ਕੰਪਨੀ ਨੇ ਸੂਬੇ ਦੀ ਟੌਲ ਪਲਾਜ਼ਾ ਵਰਕਰਜ਼ ਯੂਨੀਅਨ ਦੇ ਆਗੂਆਂ ਤੋਂ 2 ਦਿਨਾਂ ਵਿੱਚ ਮਸਲਾ ਹੱਲ ਕਰਨ ਦਾ ਸਮਾਂ ਲਿਆ ਸੀ ਪਰ ਵਾਅਦਾ ਵਫ਼ਾ ਨਾ ਹੋਣ ’ਤੇ ਅੱਜ ਧਰਨਾ ਲਗਾਇਆ ਗਿਆ ਹੈ।

ਆਗੂਆਂ ਨੇ ਦੱਸਿਆ ਕਿ ਕੰਪਨੀ ਕਥਿਤ ਤੌਰ ’ਤੇ ਧੱਕੇ ਨਾਲ ਬਿਨਾਂ ਪੀਐੱਫ ਵਗ਼ੈਰਾ ਕੱਟੇ ਹੀ ਉਨ੍ਹਾਂ ਨੂੰ ਤਨਖ਼ਾਹਾਂ ਦਾ ਨਕਦ ਭੁਗਤਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮਸਲੇ ਦਾ ਹੱਲ ਨਹੀਂ ਹੋ ਜਾਂਦਾ ਧਰਨਾ ਜਾਰੀ ਤੇ ਪਰਚੀ ਬੰਦ ਰਹੇਗੀ। ਧਰਨੇ ਵਿੱਚ ਮਨਪ੍ਰੀਤ ਸਿੰਘ, ਮਨਦੀਪ ਸਿੰਘ, ਹਰੀ ਸਿੰਘ, ਬਘੇਲ ਸਿੰਘ, ਜੋਤੀ ਵਰਮਾ, ਰੇਸ਼ਮਾ ਯਾਦਵ, ਕਮਲ ਕੌਰ, ਗੁਰਜੀਤ ਕੌਰ, ਹਰਦੀਪ ਕੌਰ ਤੇ ਅਰਸ਼ਪ੍ਰੀਤ ਕੌਰ ਆਦਿ ਵੀ ਸ਼ਾਮਲ ਸਨ।

ਕਿਸੇ ਕਾਮੇ ਦਾ ਹੱਕ ਨਹੀਂ ਮਾਰਾਂਗੇ: ਸਤਨਾਮ ਸਿੰਘ

ਰਾਇਲ ਦੀਪ ਕੰਸਟਰੱਕਸ਼ਨ ਪ੍ਰਾਈਵੇਟ ਲਿਮਟਿਡ ਦੇ ਸਤਨਾਮ ਸਿੰਘ ਨੇ ਕਿਹਾ ਕਿ ਕੰਪਨੀ ਕਿਸੇ ਕਾਮੇ ਦਾ ਹੱਕ ਨਹੀਂ ਮਾਰੇਗੀ, ਅਜਿਹਾ ਕਰਨਾ ਕੰਪਨੀ ਦੀ ਨੀਤੀ ਤੇ ਨੀਅਤ ਵਿੱਚ ਨਹੀਂ ਹੈ। ਤਨਖ਼ਾਹ ਦੇ ਨਕਦ ਭੁਗਤਾਨ ਨੂੰ ਖ਼ੁਦ ਮੁਲਾਜ਼ਮ ਹੀ ਤਰਜੀਹ ਦੇਣ ਤਾਂ ਕੰਪਨੀ ਕੁਝ ਨਹੀਂ ਕਰ ਸਕਦੀ। ਜਲਦੀ ਪਲਾਜ਼ਾ ਕਾਮਿਆਂ ਦੇ ਸਾਰੇ ਮਸਲੇ ਹੱਲ ਕਰ ਦਿੱਤੇ ਜਾਣਗੇ।

Advertisement
×