ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਨੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਪੁਲੀਸ ਤੋਂ ਮੰਗ ਕੀਤੀ ਹੈ ਕਿ ਫ਼ਿਲਮ ‘ਪਿੱਟ ਸਿਆਪਾ’ ਦੀ ਕਲਾਕਾਰ ਸੋਨਮ ਬਾਜਵਾ ਤੇ ਫ਼ਿਲਮ ਦੇ ਡਾਇਰੈਕਟਰ ਸਣੇ ਸਮੁੱਚੀ ਟੀਮ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਲੰਘੇ ਦਿਨੀਂ ਪੰਜਾਬੀ ਫ਼ਿਲਮ ਦੀ ਸ਼ੂਟਿੰਗ ਦੌਰਾਨ ਸੋਨਮ ਬਾਜਵਾ ਅਤੇ ਉਨ੍ਹਾਂ ਦੀ ਟੀਮ ਨੇ ਸਰਹਿੰਦ ਸਥਿਤ ਇਤਿਹਾਸਕ ਮਸਜਿਦ ਭਗਤ ਸਦਨਾ ਕਸਾਈ ’ਚ ਜਾ ਕੇ ਸ਼ੂਟਿੰਗ ਕੀਤੀ ਜਦਕਿ ਕਦੇ ਕਿਸੇ ਵੀ ਮਸਜਿਦ ’ਚ ਸ਼ੂਟਿੰਗ ਦੀ ਆਗਿਆ ਨਹੀਂ ਦਿੱਤੀ ਜਾਂਦੀ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਭਗਤ ਸਦਨਾ ਦੇ ਨਾਮ ’ਤੇ ਬਣਾਈ ਗਈ ਇਹ ਮਸਜਿਦ ਇਤਿਹਾਸਕ ਹੈ। ਭਗਤ ਸਦਨਾ ਜੀ ਸਿੱਖ ਅਤੇ ਮੁਸਲਿਮ ਸਮਾਜ ’ਚ ਸਤਿਕਾਰੇ ਜਾਂਦੇ ਹਨ। ਜਨਾਬ ਰਹਿਮਾਨੀ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਤਿਹਾਸਕ ਮਸਜਿਦ ਵਿੱਚ ਸ਼ੂਟਿੰਗ ਕਰ ਕੇ ਮਸਜਿਦ ਦੀ ਮਰਿਆਦਾ ਭੰਗ ਕੀਤੀ ਗਈ ਹੈ ਅਤੇ ਧਰਮ ਦੀ ਆਸਥਾ ਨਾਲ ਖਿਲਵਾੜ ਕੀਤਾ ਗਿਆ ਹੈ। ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਇਸ ਸਬੰਧੀ ਫੌਰਨ ਕਾਰਵਾਈ ਕਰਨੀ ਚਾਹੀਦੀ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਆਏ ਦਿਨ ਧਰਮ ਦੀ ਆਸਥਾ ਨਾਲ ਖਿਲਵਾੜ ਕਰਨਾ ਅਫ਼ਸੋਸਨਾਕ ਹੈ ਅਤੇ ਇਸ ਨੂੰ ਰੋਕਣ ਲਈ ਕਾਨੂੰਨ ਬਣਨਾ ਚਾਹੀਦਾ ਹੈ। ਇਸ ਮੌਕੇ ਅਹਿਰਾਰ ਦੇ ਉਪ ਪ੍ਰਧਾਨ ਮੁਹੰਮਦ ਸੈਫ਼, ਮੁਹੰਮਦ ਮੁਸਤਕੀਮ ਅਹਿਰਾਰੀ, ਨਾਜ਼ਿਮ ਅਲੀ ਸਰਹਿੰਦ ਅਤੇ ਹਰਮੇਸ਼ ਕੁਮਾਰ ਵੀ ਹਾਜ਼ਰ ਸਨ।

