ਬਿਜਲੀ ਸੋਧ ਬਿੱਲ ਖਰੜੇ ਦੇ ਵਿਰੋਧ ’ਚ ਪ੍ਰਦਰਸ਼ਨ
ਕਿਸਾਨਾਂ-ਮਜ਼ਦੂਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ/ਬਿੱਲ ਸਾਰੇ ਵਰਗਾਂ ਲੲੀ ਘਾਤਕ ਕਰਾਰ
ਜਗਤਾਰ ਸਿੰਘ ਲਾਂਬਾ
ਬਿਜਲੀ ਸੋਧ ਬਿੱਲ-2025 ਦੇ ਖਰੜੇ ਦੇ ਵਿਰੋਧ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਅੱਜ ਇੱਥੇ ਪ੍ਰਦਰਸ਼ਨ ਕਰਦਿਆਂ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ।
ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਨੇ ਕਿਹਾ ਕਿ 9 ਅਕਤੂਬਰ ਨੂੰ ਸਰਕਾਰ ਨੇ ਚਿੱਠੀ ਜਾਰੀ ਕੀਤੀ ਹੈ, ਜਿਸ ਅਨੁਸਾਰ ਬਿਜਲੀ ਸੋਧ ਬਿੱਲ-2025 ਦਾ ਖਰੜਾ ਤਿਆਰ ਹੋ ਚੁੱਕਾ ਹੈ ਅਤੇ ਹੁਣ ਬਿਜਲੀ ਵਿਭਾਗ ਨੂੰ ਪੂਰਨ ਰੂਪ ਵਿੱਚ ਨਿੱਜੀ ਹੱਥਾਂ ਵਿੱਚ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਇਹ ਬਿੱਲ ਪੰਜਾਬ ਦੇ ਲੋਕਾਂ, ਕਿਸਾਨਾਂ, ਮਜ਼ਦੂਰਾਂ ਅਤੇ ਬਿਜਲੀ ਕਰਮਚਾਰੀਆਂ ਸਮੇਤ ਹਰ ਵਰਗ ਲਈ ਖਤਰਨਾਕ ਹੈ। ਕਿਸਾਨ ਆਗੂ ਜਰਮਨਜੀਤ ਸਿੰਘ ਬੰਡਾਲਾ ਤੇ ਕੰਧਾਰ ਸਿੰਘ ਭੋਏਵਾਲ ਨੇ ਵੀ ਪ੍ਰਦਰਸ਼ਨ ਨੂੰ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਚਿੱਪ ਵਾਲੇ ਪ੍ਰੀਪੇਡ ਮੀਟਰ ਲਾਉਣਾ ਵੀ ਇਸੇ ਨੀਤੀ ਦਾ ਹਿੱਸਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਅਤੇ ਵਿਰੋਧੀ ਧਿਰਾਂ ਨੇ ਇਸ ਮੁੱਦੇ ’ਤੇ ਚੁੱਪ ਵੱਟੀ ਹੋਈ ਹੈ, ਜੋ ਨਿੰਦਣਯੋਗ ਹੈ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਫੌਰੀ ਇਸ ਖਰੜੇ ਨੂੰ ਵਿਧਾਨ ਸਭਾ ਵਿੱਚ ਰੱਦ ਕਰੇ ਅਤੇ ਦੂਜੇ ਸੂਬਿਆਂ ਦੀਆਂ ਸਰਕਾਰਾਂ ਨਾਲ ਤਾਲਮੇਲ ਕਰਕੇ ਕੇਂਦਰ ’ਤੇ ਇਸ ਬਿੱਲ ਨੂੰ ਵਾਪਸ ਲੈਣ ਲਈ ਦਬਾਅ ਬਣਾਵੇ।
ਕਿਸਾਨ ਮਜ਼ਦੂਰ ਮੋਰਚਾ ਵੱਲੋਂ ਚੰਡੀਗੜ੍ਹ ’ਚ ਮੀਟਿੰਗ 27 ਨੂੰ
ਕਿਸਾਨ ਮਜ਼ਦੂਰ ਮੋਰਚਾ ਨੇ ਬਿਜਲੀ ਸੋਧ ਬਿੱਲ-2025 ਦੇ ਖਰੜੇ ਖ਼ਿਲਾਫ਼ ਲਾਮਬੰਦੀ ਲਈ ਕਿਸਾਨ-ਮਜ਼ਦੂਰ ਯੂਨੀਅਨਾਂ, ਮੁਲਾਜ਼ਮਾਂ ਤੇ ਵਿਦਿਆਰਥੀ ਜਥੇਬੰਦੀਆਂ ਦੀ 27 ਅਕਤੂਬਰ ਨੂੰ ਸਵੇਰੇ 11 ਵਜੇ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਮੀਟਿੰਗ ਰੱਖੀ ਹੈ ਅਤੇ ਇਸ ਸਬੰਧੀ ਸੱਦੇ ਪੱਤਰ ਦਿੱਤੇ ਗਏ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਰੋਟੀ, ਕੱਪੜਾ ਤੇ ਮਕਾਨ ਵਾਂਗ ਬਿਜਲੀ ਵੀ ਆਮ ਲੋਕਾਂ ਦੀ ਮੁੱਢਲੀ ਲੋੜ ਬਣ ਚੁੱਕੀ ਹੈ, ਜੇਕਰ ਬਿਜਲੀ ਦਾ ਨਿੱਜੀਕਰਨ ਹੋ ਜਾਂਦਾ ਹੈ ਤਾਂ ਇਹ ਸਿਰਫ਼ ਗ਼ਰੀਬ ਹੀ ਨਹੀਂ ਬਲਕਿ ਪੂਰੇ ਮੱਧ ਵਰਗ ਦੀ ਪਹੁੰਚ ਵਿੱਚੋਂ ਬਾਹਰ ਹੋ ਜਾਵੇਗੀ। ਉਨ੍ਹਾਂ ਸਾਰੇ ਵਰਗਾਂ ਨੂੰ ਅਪੀਲ ਕੀਤੀ ਕਿ ਇਸ ਖਰੜੇ ਨੂੰ ਰੱਦ ਕਰਵਾਉਣ ਲਈ ਚਰਚਾ ਵਿੱਚ ਹਿੱਸਾ ਜ਼ਰੂਰ ਲੈਣ।

