ਯੂ ਟੀ ਪਾਵਰਮੈਨ ਯੂਨੀਅਨ ਨੇ ਆਊਟਸੋਰਸ ਕਾਮਿਆਂ ਨੂੰ ਦੀਵਾਲੀ ਬੋਨਸ ਨਾ ਦੇਣ ’ਤੇ ਸੀ ਪੀ ਡੀ ਐੱਲ ਦੀ ਆਲੋਚਨਾ ਕੀਤੀ ਹੈ। ਯੂਨੀਅਨ ਦੇ ਜਨਰਲ ਸਕੱਤਰ ਗੋਪਾਲ ਦੱਤ ਜੋਸ਼ੀ ਨੇ ਦੱਸਿਆ ਕਿ ਯੂਨੀਅਨ ਨੇ ਵਾਰ-ਵਾਰ ਮੰਗ ਪੱਤਰ ਸੌਂਪ ਕੇ ਕੰਪਨੀ ਵਿੱਚ ਕੰਮ ਕਰਦੇ ਆਊਟਸੋਰਸ ਕਾਮਿਆਂ ਨੂੰ ਬੋਨਸ ਦੇਣ ਦੀ ਮੰਗ ਕੀਤੀ ਸੀ। ਇਸ ਸਬੰਧੀ ਸੀ ਪੀ ਡੀ ਐੱਲ ਪ੍ਰਬੰਧਨ ਨਾਲ ਗੱਲਬਾਤ ਵੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸੀ ਪੀ ਡੀ ਐੱਲ ਕੰਪਨੀ ਪ੍ਰਾਇਮਰੀ ਮਾਲਕ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਅਸਫਲ ਰਹੀ ਹੈ। ਬੋਨਸ ਐਕਟ 1965 ਅਨੁਸਾਰ ਆਊਟਸੋਰਸ ਕੀਤੀਆਂ ਏਜੰਸੀਆਂ ਰਾਹੀਂ ਨਿਯੁਕਤ ਕੀਤੇ ਕਾਮਿਆਂ ਨੂੰ ਬੋਨਸ ਦੇਣਾ ਬਣਦਾ ਸੀ ਜੋ ਕੰਪਨੀ ਨੇ ਨਹੀਂ ਕੀਤਾ। ਯੂਨੀਅਨ ਆਗੂਆਂ ਨੇ ਦੱਸਿਆ ਕਿ ਲਗਪਗ 550 ਆਊਟਸੋਰਸ ਕੀਤੇ ਕਰਮਚਾਰੀਆਂ ਨੇ ਬਿਜਲੀ ਸਪਲਾਈ ਦੇ ਸੁਚਾਰੂ ਸੰਚਾਲਨ ਅਤੇ ਕੰਪਨੀ ਦੇ ਰਿਕਵਰੀ ਟੀਚਿਆਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਬਿਜਲੀ ਕਾਮਿਆਂ ਨੂੰ ਉਤਪਾਦਕਤਾ ਨਾਲ ਜੁੜਿਆ ਐਡਹਾਕ ਬੋਨਸ ਮਿਲਣਾ ਚਾਹੀਦਾ ਹੈ, ਪਰ ਸੀ ਪੀ ਡੀ ਐੱਲ ਉਹ ਬੋਨਸ ਵੀ ਪ੍ਰਦਾਨ ਕਰਨ ਵਿੱਚ ਅਸਫਲ ਰਹੀ ਹੈ।
ਰੈਗੂਲਰ ਕਰਮਚਾਰੀਆਂ ਨੂੰ ਵੀ ਨਾ ਮਿਲਿਆ ਬੋਨਸ
ਯੂਨੀਅਨ ਨੇ ਯੂ ਟੀ ਪ੍ਰਸ਼ਾਸਨ ਦੀ ਵੀ ਆਲੋਚਨਾ ਕੀਤੀ। ਯੂਨੀਅਨ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਪ੍ਰਸ਼ਾਸਨ ਨੇ ਅਜੇ ਤੱਕ ਰੈਗੂਲਰ ਕਰਮਚਾਰੀਆਂ ਨੂੰ ਵੀ ਸਾਲ 2023-24 ਦੇ ਬੋਨਸ ਦਾ ਭੁਗਤਾਨ ਨਹੀਂ ਕੀਤਾ ਹੈ।