ਮੋਗਾ ’ਚ ਭਾਜਪਾ ਦਾ ਜ਼ਿਲ੍ਹਾ ਪ੍ਰਧਾਨ ਬਦਲਣ ਖ਼ਿਲਾਫ਼ ਰੋਸ
ਇੱਥੇ ਭਾਜਪਾ ਵੱਲੋਂ ਜ਼ਿਲ੍ਹਾ ਪ੍ਰਧਾਨ ਬਦਲਣ ਤੋਂ ਬਾਅਦ ਭਾਜਪਾ ਦੇ 14 ਮੰਡਲ ਪ੍ਰਧਾਨਾਂ ਵੱਲੋਂ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ। ਭਾਜਪਾ ਨੇ ਡਾ. ਸੀਮਾਂਤ ਗਰਗ ਨੂੰ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਤੋਂ ਹਟਾ ਕੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਸਿੰਘ ਨੂੰ ਨਵਾਂ ਜ਼ਿਲ੍ਹਾ ਪ੍ਰਧਾਨ ਬਣਾਇਆ ਹੈ। ਭਾਜਪਾ ਦੇ ਸੂਬਾ ਉਪ ਪ੍ਰਧਾਨ ਰਾਜੇਸ਼ ਬਾਘਾ ਨੇ ਇਥੇ ਪਾਰਟੀ ਆਗੂਆਂ ਨਾਲ ਮੀਟਿੰਗ ਕਰਨ ਬਾਅਦ ਐਲਾਨ ਕੀਤਾ ਕਿ ਡਾ. ਹਰਜੋਤ ਕਮਲ ਸਿੰਘ ਨੂੰ ਸੂਬਾ ਹਾਈਕਮਾਂਡ ਵੱਲੋਂ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੀਟਿੰਗ ਵਿਚ ਡਾ. ਸੀਮਾਂਤ ਗਰਗ ਵੀ ਮੌਜੂਦ ਸਨ। ਇਥੇ ਭਾਜਪਾ ਵੱਲੋਂ ਦੋ ਦਿਨ ਪਹਿਲਾਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੋਗਾ ਤੋਂ ਮਿਸ਼ਨ 2027 ਦਾ ਆਗਾਜ਼ ਕੀਤਾ ਗਿਆ ਸੀ। ਇਸ ਮੌਕੇ ਪਾਰਟੀ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਡਾ. ਸੀਮਾਂਤ ਗਰਗ ਦੀ ਪਿੱਠ ਥਾਪੜੀ ਸੀ। ਹੁਣ ਭਾਜਪਾ ਦੇ 14 ਮੰਡਲ ਪ੍ਰਧਾਨਾਂ ਵੱਲੋਂ ਡਾ. ਸੀਮਾਂਤ ਗਰਗ ਦੇ ਹੱਕ ਵਿਚ ਤੇ ਨਵੇਂ ਪ੍ਰਧਾਨ ਦੇ ਵਿਰੋਧ ਵਿਚ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ।
ਨਵੇਂ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਸਿੰਘ ਦੇ ਅਹੁਦਾ ਸਾਂਭਣ ਮੌਕੇ ਸੀਨੀਅਰ ਆਗੂ ਨਿਧੜਕ ਸਿੰਘ ਬਰਾੜ, ਸਾਬਕਾ ਐੱਸਪੀ ਮੁਖਤਿਆਰ ਸਿੰਘ ਤੇ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਸਮਰਥਕ ਮੌਜੂਦ ਸਨ। ਇਸ ਮੌਕੇ ਡਾ. ਹਰਜੋਤ ਕਮਲ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਦਿਨ ਰਾਤ ਇੱਕ ਕਰਨ ਲਈ ਵਚਨਬੱਧ ਹਨ।