ਰੂਸੀ ਤੇਲ ਦੇ ਖਰੀਦਦਾਰਾਂ ’ਤੇ 500 ਫ਼ੀਸਦ ਟੈਕਸ ਲਾਉਣ ਦੀ ਤਜਵੀਜ਼
ਵਾਸ਼ਿੰਗਟਨ, 3 ਜੁਲਾਈ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ ਅਮਰੀਕੀ ਸੈਨੇਟਰ ਲਿੰਡਸੇ ਗ੍ਰਾਹਮ ਕੋਲ ਉਸ ਬਿੱਲ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ, ਜਿਸ ’ਚ ਉਨ੍ਹਾਂ ਰੂਸ ਤੋਂ ਤੇਲ ਖ਼ਰੀਦਣ ਵਾਲੇ ਮੁਲਕਾਂ ’ਤੇ 500 ਫ਼ੀਸਦ ਟੈਕਸ ਵਸੂਲਣ ਦੀ ਤਜਵੀਜ਼ ਪੇਸ਼ ਕੀਤੀ ਹੈ। ਜੈਸ਼ੰਕਰ ਨੇ ਬੁੱਧਵਾਰ ਨੂੰ ਵਾਸ਼ਿੰਗਟਨ ’ਚ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ, ‘‘ਅਸੀਂ ਊਰਜਾ ਸੁਰੱਖਿਆ ਨਾਲ ਜੁੜੇ ਆਪਣੇ ਖ਼ਦਸ਼ਿਆਂ ਅਤੇ ਹਿੱਤਾਂ ਤੋਂ ਗ੍ਰਾਹਮ ਨੂੰ ਜਾਣੂ ਕਰਵਾ ਦਿੱਤਾ ਹੈ। ਭਾਰਤ ਉਦੋਂ ਉਸ ਪੁਲ ਨੂੰ ਪਾਰ ਕਰਨਾ ਕਰੇਗਾ ਜਦੋਂ ਉਹ ਆਵੇਗਾ।’’ ਗ੍ਰਾਹਮ ਵੱਲੋਂ ਪ੍ਰਸਤਾਵਿਤ ਬਿੱਲ ’ਚ ਕਿਹਾ ਗਿਆ ਹੈ ਕਿ ਜੇ ਮਾਸਕੋ, ਯੂਕਰੇਨ ਨਾਲ ਸ਼ਾਂਤੀ ਵਾਰਤਾ ’ਚ ਹਿੱਸਾ ਲੈਣ ਤੋਂ ਇਨਕਾਰ ਕਰਦਾ ਹੈ ਤਾਂ ਰੂਸ ਤੋਂ ਤੇਲ ਖ਼ਰੀਦਣ ਵਾਲੇ ਮੁਲਕਾਂ ’ਤੇ 500 ਫ਼ੀਸਦ ਟੈਕਸ ਲਗਾਇਆ ਜਾਵੇ। ਜੈਸ਼ੰਕਰ ਨੇ ਕਿਹਾ ਕਿ ਭਾਰਤੀ ਸਫ਼ਾਰਤਖਾਨੇ ਅਤੇ ਅਧਿਕਾਰੀ ਇਸ ਮੁੱਦੇ ’ਤੇ ਗ੍ਰਾਹਮ ਦੇ ਸੰਪਰਕ ’ਚ ਹਨ। ਉਨ੍ਹਾਂ ਕਿਹਾ ਕਿ ਅਮਰੀਕੀ ਸੰਸਦ ’ਚ ਹੋਣ ਵਾਲਾ ਕੋਈ ਵੀ ਘਟਨਾਕ੍ਰਮ ਭਾਰਤ ਲਈ ਉਦੋਂ ਅਹਿਮ ਹੋ ਜਾਂਦਾ ਹੈ ਜਦੋਂ ਇਸ ਨਾਲ ਮੁਲਕ ਦੇ ਹਿੱਤ ਪ੍ਰਭਾਵਿਤ ਹੁੰਦੇ ਹਨ ਜਾਂ ਹੋ ਸਕਦੇ ਹਨ।
ਉਧਰ ਭਾਰਤ ਅਤੇ ਅਮਰੀਕਾ ਦੇ ਅਧਿਕਾਰੀਆਂ ਵਿਚਾਲੇ ਵਾਸ਼ਿੰਗਟਨ ’ਚ ਦੋਵੇਂ ਮੁਲਕਾਂ ਵਿਚਾਲੇ ਤਜਵੀਜ਼ਤ ਅੰਤਰਿਮ ਵਪਾਰ ਸਮਝੌਤੇ ਬਾਰੇ ਵਿਚਾਰ ਵਟਾਂਦਰਾ ਜਾਰੀ ਹੈ। ਇਸ ਬਿੱਲ ਦੇ ਸੈਨੇਟ ਵਿੱਚ 80 ਤੋਂ ਵੱਧ ਸਹਿ-ਪ੍ਰਾਯੋਜਕ ਹਨ ਜਿਸ ਨਾਲ ਇਹ ਸੰਭਾਵੀ ਤੌਰ ’ਤੇ ਵੀਟੋ-ਪਰੂਫ ਬਣ ਗਿਆ ਹੈ। ਰੂਸ ਅਤੇ ਯੂਕਰੇਨ ਵਿਚਾਲੇ ਜੰਗ ਛਿੜਨ ਤੋਂ ਬਾਅਦ ਅਮਰੀਕਾ ਅਤੇ ਪੱਛਮੀ ਮੁਲਕਾਂ ਨੇ ਮਾਸਕੋ ’ਤੇ ਪਾਬੰਦੀਆਂ ਲਗਾਈਆਂ ਸਨ। ਹਾਲਾਂਕਿ ਭਾਰਤ ਨੇ ਰੂਸ ਤੋਂ ਤੇਲ ਖ਼ਰੀਦਣਾ ਜਾਰੀ ਰੱਖਿਆ ਹੈ। ਮਈ ਦੇ ਸ਼ੁਰੂ ਵਿੱਚ ਲਿੰਡਸੇ ਗ੍ਰਾਹਮ ਨੇ ਕਿਹਾ ਸੀ ਕਿ ਉਹ ਬਿੱਲ ਦੇ ਸਬੰਧ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਸੰਪਰਕ ਵਿੱਚ ਹਨ। ਰਿਪਬਲਿਕਨ ਸੰਸਦ ਮੈਂਬਰਾਂ ਨੇ ਸੰਕੇਤ ਦਿੱਤਾ ਹੈ ਕਿ ਉਹ ਬਿੱਲ ਨੂੰ ਅੱਗੇ ਵਧਾਉਣ ਬਾਰੇ ਚਿੰਤਤ ਹਨ ਪਰ ਉਹ ਟਰੰਪ ਦੀ ਮਨਜ਼ੂਰੀ ਦੀ ਉਡੀਕ ਕਰ ਰਹੇ ਹਨ। ਜਦੋਂ ਪੁੱਛਿਆ ਗਿਆ ਕਿ ਕੀ ਟਰੰਪ ਬਿੱਲ ਪੇਸ਼ ਕਰਨ ਬਾਰੇ ਵਿਚਾਰ ਕਰ ਰਹੇ ਹਨ ਤਾਂ ਗ੍ਰਾਹਮ ਨੇ ਕਿਹਾ, ‘‘ਹਰ ਕੋਈ ਆਪੋ ਆਪਣੇ ਪੱਧਰ ’ਤੇ ਕੰਮ ਕਰ ਰਿਹਾ ਹੈ।’’ ਗ੍ਰਾਹਮ ਰੂਸੀ ਪਾਬੰਦੀਆਂ ਵਾਲੇ ਬਿੱਲ ’ਚੋਂ ਯੂਕਰੇਨ ਦੀ ਰੱਖਿਆ ਵਿੱਚ ਮਦਦ ਕਰਨ ਵਾਲੇ ਮੁਲਕਾਂ ਨੂੰ ਬਾਹਰ ਰੱਖਣ ਦੀ ਤਜਵੀਜ਼ ਬਾਰੇ ਵੀ ਵਿਚਾਰ ਕਰ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਰੂਸ ਨਾਲ ਵਪਾਰ ਕਰਨ ’ਤੇ ਲੱਗਣ ਵਾਲੇ 500 ਫ਼ੀਸਦ ਟੈਕਸ ਤੋਂ ਬਚਾਇਆ ਜਾ ਸਕੇ। -ਪੀਟੀਆਈ/ਏਐੱਨਆਈ
ਭਾਰਤ ਅਤੇ ਚੀਨ ਨੇ ਰੂਸ ਤੋਂ 70 ਫ਼ੀਸਦੀ ਤੇਲ ਖ਼ਰੀਦਿਆ
ਭਾਰਤ ਅਤੇ ਚੀਨ ਵੱਲੋਂ ਰੂਸ ਤੋਂ 70 ਫ਼ੀਸਦੀ ਤੇਲ ਖ਼ਰੀਦਿਆ ਜਾਂਦਾ ਹੈ। ਚੀਨ ਨੇ ਮਈ ’ਚ 47 ਫ਼ੀਸਦ, ਭਾਰਤ ਨੇ 38 ਫ਼ੀਸਦ ਅਤੇ ਯੂਰਪੀ ਯੂਨੀਅਨ ਤੇ ਤੁਰਕੀ ਨੇ 6-6 ਫ਼ੀਸਦ ਤੇਲ ਰੂਸ ਤੋਂ ਖ਼ਰੀਦਿਆ ਸੀ। ਪੱਛਮੀ ਮੁਲਕਾਂ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਦੇ ਬਾਵਜੂਦ ਭਾਰਤ ਅਤੇ ਚੀਨ ਵੱਲੋਂ ਰੂਸ ਤੋਂ ਲਗਾਤਾਰ ਸਸਤੇ ਭਾਅ ’ਤੇ ਤੇਲ ਖ਼ਰੀਦਿਆ ਜਾ ਰਿਹਾ ਹੈ। ਭਾਰਤ ਵੱਲੋਂ ਕਰੀਬ 51 ਲੱਖ ਬੈਰਲ ਕੱਚਾ ਤੇਲ ਵਿਦੇਸ਼ ਤੋਂ ਖ਼ਰੀਦਿਆ ਜਾਂਦਾ ਹੈ ਜਿਸ ਨੂੰ ਉਹ ਰਿਫਾਇਨਰੀਆਂ ਰਾਹੀਂ ਪੈਟਰੋਲ ਅਤੇ ਡੀਜ਼ਲ ਜਿਹੇ ਈਂਧਣਾਂ ’ਚ ਤਬਦੀਲ ਕਰਦਾ ਹੈ। ਜੂਨ ਵਿੱਚ ਇਜ਼ਰਾਈਲ ਵੱਲੋਂ ਇਰਾਨ ’ਤੇ ਕੀਤੇ ਗਏ ਹਮਲਿਆਂ ਦਰਮਿਆਨ ਬਾਜ਼ਾਰ ਦੀ ਅਸਥਿਰਤਾ ਦੇ ਵਿਚਕਾਰ ਭਾਰਤ ਨੇ ਰੂਸੀ ਤੇਲ ਦੀ ਖ਼ਰੀਦ ਵਿੱਚ ਵਾਧਾ ਕੀਤਾ ਸੀ। -ਏਜੰਸੀ