ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪ੍ਰਾਪਰਟੀ ਡੀਲਰ ਖ਼ੁਦਕੁਸ਼ੀ ਮਾਮਲਾ/ਪੁੱਤਰ ਦੀ ਪ੍ਰੇਸ਼ਾਨੀ ਕਾਰਨ ਦਿੱਤਾ ਘਟਨਾ ਨੂੰ ਅੰਜਾਮ

ਮ੍ਰਿਤਕ ਦੇ ਪਿਤਾ ਨੇ ਪੁਲੀਸ ਨੂੰ ਦਿੱਤੇ ਬਿਆਨਾਂ ’ਚ ਕੀਤਾ ਖੁਲਾਸਾ; ਡਾਕਟਰਾਂ ਦੇ ਬੋਰਡ ਵੱਲੋਂ ਲਾਸ਼ਾਂ ਦਾ ਪੋਸਟਮਾਰਟਮ
Advertisement

ਕਰਮਜੀਤ ਸਿੰਘ ਚਿੱਲਾ

ਬਨੂੜ, 23 ਜੂਨ

Advertisement

ਮੁਹਾਲੀ ਦੇ ਸੈਕਟਰ 109 ਵਿੱਚ ਰਹਿੰਦੇ ਪ੍ਰਾਪਰਟੀ ਕਾਰੋਬਾਰੀ ਸੰਦੀਪ ਸਿੰਘ ਰਾਜਪਾਲ (45) ਨੇ ਪਰਿਵਾਰ ਸਮੇਤ ਖ਼ੁਦਕੁਸ਼ੀ ਆਪਣੇ ਪੁੱਤਰ ਦੇ ਮਾਨਸਿਕ ਤੌਰ ’ਤੇ ਅਪਾਹਜ ਹੋਣ ਕਾਰਨ ਕੀਤੀ ਸੀ। ਉਨ੍ਹਾਂ ਦੀਆਂ ਲਾਸ਼ਾਂ ਐਤਵਾਰ ਨੂੰ ਬਨੂੜ ਤੋਂ ਤੇਪਲਾ (ਅੰਬਾਲਾ) ਮਾਰਗ ’ਤੇ ਪਿੰਡ ਚੰਗੇਰਾ ਨੇੜੇ ਫਾਰਚੂਨਰ ਕਾਰ ਵਿੱਚੋਂ ਲਾਸ਼ਾਂ ਮਿਲੀਆਂ ਸਨ। ਮ੍ਰਿਤਕ ਸੰਦੀਪ ਦੇ ਪਿਤਾ ਮਨੋਹਰ ਸਿੰਘ ਰਾਜਪਾਲ ਨੇ ਇਹ ਖੁਲਾਸਾ ਥਾਣਾ ਬਨੂੜ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਸੰਦੀਪ ਨੇ ਇਹ ਕਦਮ ਆਪਣੇ ਪੰਦਰਾਂ ਸਾਲਾ ਪੁੱਤਰ ਅਭੈ (15 ਸਾਲ) ਦੇ ਮਾਨਸਿਕ ਤੌਰ ’ਤੇ ਅਪਾਹਜ ਹੋਣ ਕਾਰਨ ਪ੍ਰੇਸ਼ਾਨੀ ਵਿੱਚੋਂ ਚੁੱਕਿਆ ਸੀ। ਸੰਦੀਪ ਨੇ ਆਪਣੀ ਪਤਨੀ ਮਨਦੀਪ ਕੌਰ (42), ਪੁੱਤਰ ਅਭੈ ਅਤੇ ਖ਼ੁਦ ਨੂੰ ਗੋਲੀਆਂ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਦੇ ਤਿੰਨ ਮੈਂਬਰੀ ਬੋਰਡ ਵੱਲੋਂ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਗਿਆ ਹੈ।

ਮ੍ਰਿਤਕ ਦੇ ਪਿਤਾ ਮਨੋਹਰ ਸਿੰਘ ਨੇ ਬਿਆਨ ਵਿੱਚ ਦੱਸਿਆ ਕਿ ਉਸ ਦਾ 15 ਸਾਲਾ ਪੋਤਰਾ ਅਭੈ ਜਮਾਂਦਰੂ ਹੀ ਮਾਨਸਿਕ ਤੌਰ ’ਤੇ ਅਪਾਹਜ ਸੀ। ਉਸ ਦੇ ਪੁੱਤਰ ਸੰਦੀਪ ਸਿੰਘ ਅਤੇ ਨੂੰਹ ਮਨਦੀਪ ਕੌਰ ਵੱਲੋਂ ਪਹਿਲਾਂ ਦਿੱਲੀ ਤੋਂ ਲੰਮਾ ਸਮਾਂ ਇਲਾਜ ਕਰਵਾਇਆ ਗਿਆ ਅਤੇ ਇਹ ਤਿੰਨੋਂ ਜੀਅ ਦਿੱਲੀ ਰਹਿੰਦੇ ਰਹੇ। ਉਨ੍ਹਾਂ ਦੱਸਿਆ ਕਿ ਹੁਣ ਕਈ ਸਾਲਾਂ ਤੋਂ ਉਸ ਦਾ ਇਲਾਜ ਮੁਹਾਲੀ ਤੋਂ ਚੱਲ ਰਿਹਾ ਸੀ ਤੇ ਪਰਿਵਾਰ ਮੁਹਾਲੀ ਰਹਿ ਰਿਹਾ ਸੀ। ਕੋਈ ਫ਼ਰਕ ਨਾ ਪੈਣ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਸੰਦੀਪ ਦਾ ਕਾਰੋਬਾਰ ਪੂਰਾ ਵਧੀਆ ਸੀ। ਉਸ ਦੀ ਦਸ ਕੁ ਦਿਨ ਪਹਿਲਾਂ ਸੰਦੀਪ ਨਾਲ ਗੱਲ ਹੋਈ ਸੀ। ਪਰਿਵਾਰ ਵੱਲੋਂ ਤਿੰਨਾਂ ਦਾ ਸਸਕਾਰ ਆਪਣੇ ਜੱਦੀ ਪਿੰਡ ਸਿੱਖਵਾਲਾ ਨੇੜੇ ਲੰਬੀ (ਬਠਿੰਡਾ) ਵਿੱਚ ਭਲਕੇ ਮੰਗਲਵਾਰ ਨੂੰ ਕੀਤਾ ਜਾਵੇਗਾ।

ਪੁਲੀਸ ਵੱਲੋਂ ਸੰਦੀਪ ਖ਼ਿਲਾਫ਼ ਕਤਲ ਦਾ ਕੇਸ ਦਰਜ

ਥਾਣਾ ਮੁਖੀ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ’ਤੇ ਪੁਲੀਸ ਵੱਲੋਂ ਸੰਦੀਪ ਸਿੰਘ ਖ਼ਿਲਾਫ਼ ਆਪਣੀ ਪਤਨੀ ਅਤੇ ਪੁੱਤਰ ਦੇ ਕਤਲ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੰਦੀਪ ਸਿੰਘ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਕਾਰਨ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਤਿੰਨ ਡਾਕਟਰਾਂ ਦੇ ਬੋਰਡ ਕੋਲੋਂ ਤਿੰਨਾਂ ਲਾਸ਼ਾਂ ਦਾ ਦੇਰ ਸ਼ਾਮ ਪੋਸਟਮਾਰਟਮ ਕਰਵਾਏ ਜਾਣ ਮਗਰੋਂ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ।

ਮੁਹਾਲੀ ਦੇ ਸੈਕਟਰ 109 ਦੇ ਐੱਮਆਰ ਵਿੱਚ ਪੱਸਰਿਆ ਸੋਗ

ਪਿਛਲੇ ਕਈ ਸਾਲਾਂ ਤੋਂ ਮੁਹਾਲੀ ਦੇ ਸੈਕਟਰ 109 ਦੇ ਐੱਮਆਰ ਵਿੱਚ ਡੇਢ ਕਨਾਲ ਦੀ ਕੋਠੀ ਵਿਚ ਰਹਿੰਦੇ ਰਹੇ ਸੰਦੀਪ ਸਿੰਘ, ਉਨ੍ਹਾਂ ਦੀ ਪਤਨੀ ਮਨਦੀਪ ਕੌਰ ਅਤੇ ਪੁੱਤਰ ਅਭੈ ਦੇ ਦੁੱਖਦਾਈ ਅੰਤ ਕਾਰਨ ਉਨ੍ਹਾਂ ਦੀ ਸੁਸਾਇਟੀ ਵਿਚ ਅੱਜ ਵੀ ਸੋਗ ਪੱਸਰਿਆ ਰਿਹਾ। ਸੁਸਾਇਟੀ ਵਿੱਚ ਇਸ ਦੁਖਾਂਤ ਸਬੰਧੀ ਚਰਚਾ ਰਹੀ। ਸੰਦੀਪ ਸਿੰਘ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਸੁਸਾਇਟੀ ਦੇ ਕੁੱਝ ਵਿਅਕਤੀਆਂ ਨੂੰ ਫ਼ੋਨ ਵੀ ਕੀਤੇ ਸਨ। ਸੰਦੀਪ ਦੀ ਕੋਠੀ ਨੂੰ ਅੱਜ ਵੀ ਤਾਲਾ ਲੱਗਿਆ ਰਿਹਾ। ਪਹਿਲਾਂ ਬਨੂੜ ਪੁਲੀਸ ਵੱਲੋਂ ਮ੍ਰਿਤਕ ਦੀ ਕੋਠੀ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਸੀ। ਮ੍ਰਿਤਕ ਦੇ ਪਿਤਾ, ਭਰਾ ਤੇ ਹੋਰ ਰਿਸ਼ਤੇਦਾਰ ਬਨੂੜ ਥਾਣੇ ਹੀ ਪਹੁੰਚੇ ਅਤੇ ਲਾਸ਼ਾਂ ਦੇ ਪਟਿਆਲਾ ਵਿੱਚ ਪੋਸਟਮਾਰਟਮ ਕਰਾਉਣ ਵਿਚ ਰੁਝੀ ਪੁਲੀਸ ਵੱਲੋਂ ਕੋਠੀ ਨੂੰ ਖੋਲ੍ਹ ਕੇ ਕੋਈ ਤਲਾਸ਼ੀ ਨਹੀਂ ਲਈ ਜਾ ਸਕੀ।

Advertisement