ਜਬਰ-ਜਨਾਹ ਕੇਸਾਂ ’ਚ ਢੁੱਕਵੀਂ ਪੈਰਵੀ ਜ਼ਰੂਰੀ: ਮਾਨ
ਮੁੱਖ ਮੰਤਰੀ ਨੇ ਪ੍ਰੀਖਿਆਵਾਂ ਵਿੱਚ ਅੱਵਲ ਵਿਦਿਆਰਥਣਾਂ ਨੂੰ ਟੈਬਲੈੱਟ ਵੰਡੇ
ਸਰਬਜੀਤ ਸਿੰਘ ਭੰਗੂ
ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲੀਸ ਨੂੰ ਤਕੀਦ ਕੀਤੀ ਕਿ ਜਬਰ-ਜਨਾਹ ਮਾਮਲਿਆਂ ਵਿੱਚ ਪੁਲੀਸ ਨੂੰ ਹੋਰ ਵਧੇਰੇ ਗਤੀਸ਼ੀਲ ਹੋਣ ’ਤੇ ਜ਼ੋਰ ਦਿੱਤਾ।
ਮੁੱਖ ਮੰਤਰੀ ਅੱਜ ਇੱਥੇ ਪੰਜਾਬੀ ਯੂਨੀਵਰਸਿਟੀ ਵਿੱਚ ਅਦਾਕਾਰ ਬਿਨੂੰ ਢਿੱਲੋਂ ਦੀ ਸਰਪ੍ਰਸਤੀ ਹੇਠਲੀ ‘ਜ਼ਰੀਆ ਫਾਊਂਡੇਸ਼ਨ’ ਸੰਸਥਾ ਵੱਲੋਂ ਆਪਣੇ 10ਵੇਂ ਸਥਾਪਨਾ ਦਿਵਸ ’ਤੇ ਕਰਵਾਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਮੁੱਖ ਮੰਤਰੀ ਨੇ ਪ੍ਰੀਖਿਆਵਾਂ ਵਿੱਚ ਪਹਿਲੇ ਸਥਾਨ ’ਤੇ ਰਹਿਣ ਵਾਲੀਆਂ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਸੰਸਥਾ ਦੀ ਤਰਫੋਂ ਟੈਬਲੈੱਟ ਵੰਡੇ। ਮੁੱਖ ਮੰਤਰੀ ਨੇ ਪੰਜਾਬੀ ਯੂਨੀਵਰਸਿਟੀ ਦੀ ਆਰਥਿਕ ਦਸ਼ਾ ਸੁਧਾਰਨ ਲਈ ਸਰਕਾਰ ਵੱੱਲੋਂ ਸ਼ੁਰੁੂ ਕੀਤੀ ਗਈ 30 ਕਰੋੜ ਰੁਪਏ ਮਹੀਨਾ ਦੀ ਗਰਾਂਟ ਜਾਰੀ ਰੱਖਣ ਸਮੇਤ ਯੂਨੀਵਰਸਿਟੀ ਨੂੰ ਮੁੜ ਪੈਰਾਂ ਸਿਰ ਕਰਨ ਲਈ ਹੋਰ ਯਤਨ ਜਾਰੀ ਰੱਖਣ ਦੀ ਵਚਨਬੱਧਤਾ ਵੀ ਦੁਹਰਾਈ। ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਗਰਾਂਟ ਲਈ ਧੰਨਵਾਦ ਕੀਤਾ। ਇਸ ਮੌਕੇ ਕੰਵਰ ਗਰੇਵਾਲ ਅਤੇ ਕਰਮਜੀਤ ਅਨਮੋਲ ਨੇ ਵੀ ਸ਼ਿਰਕਤ ਕੀਤੀ।
‘ਈਜ਼ੀ ਰਜਿਸਟਰੀ’ ਨਾਲ ਲੋਕਾਂ ਦੀ ਖੱਜਲ-ਖੁਆਰੀ ਮੁੱਕੀ: ਮਾਨ
ਫ਼ਤਹਿਗੜ੍ਹ ਸਾਹਿਬ (ਡਾ. ਹਿਮਾਂਸ਼ੂ ਸੂਦ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਥੇ ਲੋਕਾਂ ਦੀ ਸਹੂਲਤ ਲਈ ਜ਼ਮੀਨ-ਜਾਇਦਾਦ ਲਈ ‘ਈਜ਼ੀ ਰਜਿਸਟਰੀ’ (ਸੁਖਾਲੀ ਵਿਵਸਥਾ) ਨੂੰ ਲਾਗੂ ਕੀਤਾ। ਉਨ੍ਹਾਂ ਕਿਹਾ ਕਿ ਹੁਣ ‘ਸੁਖਾਲੀ ਰਜਿਸਟਰੀ’ ਦੀ ਵਿਵਸਥਾ ਲਾਗੂ ਹੋਣ ਨਾਲ ਪੰਜਾਬ ਵਿੱਚ ਜਾਇਦਾਦ ਦੀ ਰਜਿਸਟਰੇਸ਼ਨ ਸੌਖੀ, ਤੇਜ਼ ਅਤੇ ਪਾਰਦਰਸ਼ਤਾ ਦੇ ਇਕ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰ ਗਈ ਜਿਸ ਨਾਲ ਲੋਕਾਂ ਦੀ ਖੱਜਲ-ਖੁਆਰੀ ਖ਼ਤਮ ਹੋਵੇਗੀ। ਇਹ ਸਹੂਲਤ ਦੇਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ। ਲੋਕਾਂ ਨੂੰ ਵਟਸਐਪ ਰਾਹੀਂ ਆਪਣੀ ਰਜਿਸਟਰੇਸ਼ਨ ਪ੍ਰਕਿਰਿਆ ਦੇ ਹਰ ਪੜਾਅ ਬਾਰੇ ਜਾਣਕਾਰੀ ਮਿਲੇਗੀ ਅਤੇ ਜੇ ਕੋਈ ਰਿਸ਼ਵਤ ਮੰਗਦਾ ਹੈ ਤਾਂ ਵਟਸਐਪ ਰਾਹੀਂ ਸ਼ਿਕਾਇਤ ਦਰਜ ਕਰਵਾਈ ਜਾ ਸਕੇਗੀ।

