ਮੂਸੇਵਾਲਾ ਕੇਸ ’ਚ ਸ਼ੂਟਰਾਂ ਨੂੰ ਫੜਨ ਵਾਲੇ ਡੀਜੀਪੀ ਧਾਲੀਵਾਲ ਨੁੂੰ ਰਾਸ਼ਟਰਪਤੀ ਮੈਡਲ ਦਾ ਐਲਾਨ
ਗ੍ਰਹਿ ਮੰਤਰਾਲੇ ਨੇ ਭਾਰਤ ਦੇ 79ਵੇਂ ਅਜ਼ਾਦੀ ਦਿਹਾੜੇ ਮੌਕੇ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ ਡਾਇਰੈਕਟਰ ਜਨਰਲ ਆਫ਼ ਪੁਲੀਸ (ਡੀਜੀਪੀ) ਹਰਗੋਬਿੰਦਰ ਸਿੰਘ ਧਾਲੀਵਾਲ ਨੂੰ ਵਿਲੱਖਣ ਸੇਵਾ ਲਈ ਰਾਸ਼ਟਰਪਤੀ ਪੁਲੀਸ ਮੈਡਲ ਦਾ ਐਲਾਨ ਕੀਤਾ ਹੈ। ਧਾਲੀਵਾਲ ਨੂੰ ਕੌਮਾਂਤਰੀ ਪਛਾਣ ਉਦੋਂ ਮਿਲੀ, ਜਦੋਂ ਉਸ ਦੀ ਟੀਮ ਨੇ ਗਾਇਕ ਸਿੱਧੂ ਮੂਸੇਵਾਲਾ ਕੇਸ ਵਿੱਚ ਛੇ ਵਿੱਚੋਂ ਤਿੰਨ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਰਾਸ਼ਟਰਪਤੀ ਮੈਡਲ ਸਿਰਫ਼ ਇੱਕ ਮਾਮਲੇ ਲਈ ਬਲਕਿ ਵਿਲੱਖਣ ਸੇਵਾ ਲਈ ਦਿੱਤਾ ਜਾਂਦਾ ਹੈ।
ਉਹ ਪਟਿਆਲਾ ਨਾਲ ਸਬੰਧਤ ਹਨ ਅਤੇ ਨਾਭਾ ਦੇ ਪੰਜਾਬ ਪਬਲਿਕ ਸਕੂਲ ਦੇ ਸਾਬਕਾ ਵਿਦਿਆਰਥੀ ਹਨ। ਆਈਪੀਐਸ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਮਬੀਏ ਅਤੇ ਐਲਐਲਬੀ ਦੀਆਂ ਡਿਗਰੀਆਂ ਪੂਰੀਆਂ ਕੀਤੀਆਂ ਹਨ।
1997 ਬੈਚ ਦਾ ਏਜੀਐਮਯੂਟੀ ( AGMUT) ਕੇਡਰ ਦੇ ਆਈਪੀਐਸ ਅਧਿਕਾਰੀ ਧਾਲੀਵਾਲ ਨੇ ਆਪਣੀ ਤਿੱਖੀ ਜਾਂਚ ਸਮਰੱਥਾ ਅਤੇ ਉੱਚ-ਪ੍ਰੋਫਾਈਲ ਅਪਰਾਧਿਕ ਮਾਮਲਿਆਂ ਵਿੱਚ ਲੀਡਰਸ਼ਿਪ ਲਈ ਸਾਖ ਪ੍ਰਾਪਤ ਕੀਤੀ ਹੈ। ਹਾਲ ਹੀ ਦੇ ਸਾਲਾਂ ਵਿੱਚ ਉਨ੍ਹਾਂ ਦਾ ਸਭ ਤੋਂ ਮਹੱਤਵਪੂਰਨ ਯੋਗਦਾਨ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਵਿੱਚ ਉਨ੍ਹਾਂ ਦੀ ਮੁੱਖ ਭੂਮਿਕਾ ਸੀ, ਜਿਸ ਨੇ ਕੌਮੀ ਅਤੇ ਕੌਮਾਂਤਰੀ ਧਿਆਨ ਖਿੱਚਿਆ।
ਉਸ ਸਮੇਂ ਦਿੱਲੀ ਪੁਲੀਸ ਸਪੈਸ਼ਲ ਸੈੱਲ ਦੇ ਮੁਖੀ ਵਜੋਂ ਧਾਲੀਵਾਲ ਨੇ ਇਸ ਅਪਰੇਸ਼ਨ ਦੀ ਅਗਵਾਈ ਕੀਤੀ ਜਿਸ ਨਾਲ ਪ੍ਰਸਿੱਧ ਪੰਜਾਬੀ ਗਾਇਕ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਤਿੰਨ ਮੁੱਖ ਸ਼ੂਟਰਾਂ ਪ੍ਰਿਯਵਰਤ ਫੌਜੀ, ਅੰਕਿਤ ਸਰਸਾ ਅਤੇ ਕਸ਼ਿਸ਼ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਦੀ ਟੀਮ ਨੇ ਦੂਜੀਆਂ ਏਜੰਸੀਆਂ ਨਾਲ ਮਿਲ ਕੇ ਦੀਪਕ ਮੁੰਡੀ ਨੂੰ ਟਰੈਕ ਕੀਤਾ, ਜਿਸ ਨੂੰ ਬਾਅਦ ਵਿੱਚ ਨੇਪਾਲ ਸਰਹੱਦ ਨੇੜੇ ਗ੍ਰਿਫਤਾਰ ਕੀਤਾ ਗਿਆ।
ਧਾਲੀਵਾਲ ਦੀ ਲੀਡਰਸ਼ਿਪ ਨੇ ਪੱਤਰਕਾਰ ਸੌਮਿਆ ਵਿਸ਼ਵਨਾਥਨ, ਆਈਟੀ ਐਗਜ਼ੀਕਿਊਟਿਵ ਜਿਗੀਸ਼ਾ ਘੋਸ਼ ਅਤੇ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਵਰਗੇ ਕਈ ਹੋਰ ਵੱਡੇ ਮਾਮਲਿਆਂ ਨੂੰ ਸੁਲਝਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ।
ਉਸ ਨੇ 2008 ਦੇ ਦਿੱਲੀ ਸੀਰੀਅਲ ਬਲਾਸਟ ਅਤੇ ਬਾਟਲਾ ਹਾਊਸ ਮੁਕਾਬਲੇ ਦੀ ਜਾਂਚ ਵਿੱਚ ਵੀ ਮੁੱਖ ਭੂਮਿਕਾ ਨਿਭਾਈ। ਉਸ ਨੇ ਉਨ੍ਹਾਂ ਟੀਮਾਂ ਦੀ ਅਗਵਾਈ ਕੀਤੀ ਜਿਨ੍ਹਾਂ ਨੇ ਸੌਮਿਆ ਵਿਸ਼ਵਨਾਥਨ, ਰਾਧਿਕਾ ਤਨਵਰ ਅਤੇ ਜਿਗੀਸ਼ਾ ਘੋਸ਼ ਦੇ ਸਨਸਨੀਖੇਜ਼ ਕਤਲ ਮਾਮਲਿਆਂ ਨੂੰ ਨਾ ਸਿਰਫ ਸੁਲਝਾਇਆ ਬਲਕਿ ਅੰਤਮ ਸਜ਼ਾ ਤੱਕ ਪੀੜਤ ਪਰਿਵਾਰਾਂ ਨਾਲ ਸੰਪਰਕ ਵਿੱਚ ਰਹੇ, ਜਿਸ ਕਾਰਨ ਦਿੱਲੀ ਪੁਲੀਸ ਨੂੰ ਪੀੜਤ ਪਰਿਵਾਰਾਂ ਦੁਆਰਾ ਪ੍ਰਸ਼ੰਸਾ ਮਿਲੀ।
ਉਸ ਨੇ ਦਿੱਲੀ ਸੀਰੀਅਲ ਬਲਾਸਟ ਮਾਮਲੇ ਨੂੰ ਸੁਲਝਾਇਆ, ਜਿਸ ਨਾਲ ਇੰਡੀਅਨ ਮੁਜਾਹਿਦੀਨ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਸਪੈਸ਼ਲ ਸੈੱਲ ਵਜੋਂ ਉਨ੍ਹਾਂ ਨੇ ਟੀਮਾਂ ਦੀ ਅਗਵਾਈ ਕੀਤੀ ਜਿਨ੍ਹਾਂ ਨੇ ਪੰਜਾਬ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਸਨਸਨੀਖੇਜ਼ ਮਾਮਲੇ ਨੂੰ ਸੁਲਝਾਇਆ, ਜਿਸ ਨਾਲ ਯੂਬੀਜੀਐਲ, ਗ੍ਰਨੇਡ ਆਦਿ ਬਰਾਮਦ ਹੋਏ।
ਉਨਾਂ ਦੀ ਅਗਵਾਈ ਵਾਲੀਆਂ ਟੀਮਾਂ ਨੇ ਵਿੱਕੀ ਮਿੱਡੂਖੇੜਾ ਮਾਮਲੇ ਵਿੱਚ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਪੀਪੀ ਏਟੀਐਸ ਹੈੱਡਕੁਆਰਟਰ ’ਤੇ ਰਾਕੇਟ ਫਾਇਰ ਕਰਨ ਵਾਲੇ ਇੱਕ ਮੁੱਖ ਮੁਲਜ਼ਮ ਨੂੰ ਫੜਿਆ।
ਸਪੈਸ਼ਲ ਸੈੱਲ ਦੀ ਅਗਵਾਈ ਕਰਦਿਆਂ ਭਾਰਤ ਦੇ ਪਹਿਲੇ ਮਾਮਲੇ ਵਿੱਚ ਮੈਕਸੀਕੋ ਤੋਂ ਐਫਬੀਆਈ ਦੇ ਨਾਲ ਮਿਲ ਕੇ ਇੱਕ ਖਤਰਨਾਕ ਭਗੌੜੇ ਦੀਪਕ ਬਾਕਸਰ, ਲਸ਼ਕਰ-ਏ-ਤੋਇਬਾ, ਹਰਕਤ-ਉਲ-ਜਿਹਾਦ ਇਸਲਾਮੀ, ਆਈਐਸਕੇਪੀ ਦੇ ਅੱਤਵਾਦੀਆਂ ਦੀ ਗ੍ਰਿਫਤਾਰੀ ਲਈ ਕਈ ਅਪਰੇਸ਼ਨਾਂ ਦੀ ਅਗਵਾਈ ਕੀਤੀ।
ਸੀਬੀਆਈ, ਇੰਟਰਪੋਲ ਅਤੇ ਐਫਬੀਆਈ ਨਾਲ ਮਿਲ ਕੇ ਸਪੈਸ਼ਲ ਸੈੱਲ ਦੀਆਂ ਟੀਮਾਂ ਨੇ ਕਈ ਕੌਮਾਂਤਰੀ ਅਪਰੇਸ਼ਨਾਂ ਦੀ ਅਗਵਾਈ ਕੀਤੀ, ਜਿਨ੍ਹਾਂ ਨਾਲ ਨਿਊਯਾਰਕ, ਟੋਰਾਂਟੋ ਅਤੇ ਦਿੱਲੀ ਵਿੱਚ ਵ੍ਹਾਈਟ ਕਾਲਰ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਆਸਟ੍ਰੇਲੀਅਨ ਸਰਕਾਰ ਵੱਲੋਂ 10 ਲੱਖ ਡਾਲਰ ਦੇ ਇਨਾਮ ਵਾਲੇ ਸਭ ਤੋਂ ਵੱਧ ਲੋੜੀਂਦੇ ਰਾਜਵਿੰਦਰ ਸਿੰਘ ਨੂੰ ਟੋਆਹ ਕਾਰਡਿੰਗਲੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ।ਇਸ ਤੋਂ ਇਲਾਵਾ ਧਾਲੀਵਾਲ ਨੇ ਬਾਟਲਾ ਹਾਊਸ ਮੁਕਾਬਲੇ ਦੇ ਬਾਅਦ ਦੀ ਸਾਂਝੀ ਸਥਿਤੀ ਨੂੰ ਨਿੱਜੀ ਤੌਰ ’ਤੇ ਮੌਕੇ ’ਤੇ ਹਾਜ਼ਰ ਰਹਿ ਕੇ ਸੰਭਾਲਿਆ, ਜਿਸ ਨਾਲ ਵਿਰੋਧੀ ਭੀੜ ਦੇ ਸਾਹਮਣੇ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ।