ਰਾਸ਼ਟਰਪਤੀ ਵੱਲੋਂ ਤਰੰਜੀਖੇੜਾ ਦੇ ਲੈਫ਼ਟੀਨੈਂਟ ਅਮਨ ਹਾਂਸ ਦਾ ਸਨਮਾਨ
ਧਮਾਕੇ ਤੋਂ ਬਾਅਦ ਏਅਰ ਕਰਾਫ਼ਟ ਦੀ ਕਰਵਾਈ ਸੀ ਸੁਰੱਖਿਅਤ ਲੈਂਡਿੰਗ
ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 25 ਮਈ
ਦਿੜ੍ਹਬਾ ਨੇੜਲੇ ਪਿੰਡ ਤਰੰਜੀਖੇੜਾ (ਖਡਿਆਲੀ) ਦੇ ਜੰਮਪਲ ਫਲਾਈਟ ਲੈਫਟੀਨੈਂਟ ਅਮਨ ਸਿੰਘ ਹਾਂਸ ਵੱਲੋਂ ਇਕ ਅਭਿਆਸ ਦੌਰਾਨ ਧਮਾਕੇ ਤੋਂ ਬਾਅਦ ਏਅਰ ਕਰਾਫ਼ਟ ਮਿੱਗ-29 ਨੂੰ ਸੁਰੱਖਿਅਤ ਲੈਂਡ ਕਰਵਾ ਕੇ ਕਈ ਜਣਿਆਂ ਦੀ ਜਾਨ ਬਚਾਅ ਕੇ ਦਿਖਾਈ ਬਹਾਦਰੀ ਬਦਲੇ ਰਾਜ ਭਵਨ ’ਚ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਸ਼ੌਰਿਆ ਚੱਕਰ ਨਾਲ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਅਮਨ ਸਿੰਘ ਹਾਂਸ ਦੇ ਪਿਤਾ ਸੇਵਾਮੁਕਤ ਕਰਨਲ ਰੁਪਿੰਦਰ ਸਿੰਘ ਹਾਂਸ ਅਨੁਸਾਰ ਫਲਾਈਟ ਲੈਫਟੀਨੈਂਟ ਅਮਨ ਸਿੰਘ ਹਾਂਸ 28 ਮਾਰਚ 2024 ’ਚ ਯੁੱਧ ਅਭਿਆਸ ਗਗਨ ਸ਼ਕਤੀ ਦੌਰਾਨ ਮਿੱਗ-29 ਏਅਰ ਕਰਾਫ਼ਟ ਉਡਾ ਰਿਹਾ ਸੀ ਤਾਂ ਅਚਾਨਕ 28 ਹਜ਼ਾਰ ਫੁੱਟ ’ਤੇ ਏਅਰ ਕਰਾਫ਼ਟ ਦੇ ਇਕ ਹਿੱਸੇ ’ਚ ਧਮਾਕਾ ਹੋਇਆ। ਇਸ ਦੌਰਾਨ ਜਹਾਜ਼ ਦੇ ਸਾਰੇ ਯੰਤਰਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਤੇ ਅੱਖਾਂ ਅਤੇ ਸਰੀਰ ਵਿੱਚ ਹਵਾ ਸਿੱਧੀ ਪੈਣ ਲੱਗ ਗਈ। ਇਸ ਦੌਰਾਨ ਹਾਂਸ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਤਿੰਨ ਕਿਲੋਮੀਟਰ ਦੀ ਉਚਾਈ ’ਤੇ ਲਿਆਂਦਾ। ਐਮਰਜੈਂਸੀ ਲੈਡਿੰਗ ਦਾ ਐਲਾਨ ਕਰਦਿਆਂ ਉਸ ਨੇ ਨਜ਼ਦੀਕੀ ਏਅਰਬੇਸ ’ਤੇ ਸੁਰੱਖਿਅਤ ਲੈਂਡਿੰਗ ਕਰਵਾਈ। ਫਲਾਈਟ ਲੈਫਟੀਨੈਂਟ ਅਮਨ ਸਿੰਘ ਹਾਂਸ ਦੀ ਇਸ ਬਹਾਦਰੀ ਬਦਲੇ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਉਨ੍ਹਾਂ ਦਾ ਸ਼ੌਰਿਆ ਚੱਕਰ ਨਾਲ ਸਨਮਾਨ ਕੀਤਾ ਗਿਆ। ਇਸ ਦੌਰਾਨ ਲੋਕ ਗਾਇਕ ਪੰਮੀ ਬਾਈ, ਗਾਇਕ ਸਤਨਾਮ ਪੰਜਾਬੀ, ਸਮਾਜ ਸੇਵੀ ਡਾ. ਮਨਮਹਿਕ ਕੌਰ ਤੋਂ ਇਲਾਵਾ ਪਿੰਡ ਤਰੰਜੀਖੇੜਾ (ਖਡਿਆਲੀ) ਵਾਸੀਆਂ ਨੇ ਅਮਨ ਸਿੰਘ ਹਾਂਸ ਦੀ ਬਹਾਦਰੀ ਦੀ ਸ਼ਲਾਘਾ ਕੀਤੀ ਹੈ।