ਸੀਪੀਆਈ ਦੇ 25ਵੇਂ ਮਹਾ ਸੰਮੇਲਨ ਦੀਆਂ ਤਿਆਰੀਆਂ
ਕੁਲਦੀਪ ਸਿੰਘ
ਭਾਰਤੀ ਕਮਿਊਨਿਸਟ ਪਾਰਟੀ ‘ਸੀਪੀਆਈ’ ਦੀ ਜ਼ਿਲ੍ਹਾ ਕੌਂਸਲ ਚੰਡੀਗੜ੍ਹ ਵੱਲੋਂ ਪਾਰਟੀ ਦੇ 100ਵੇਂ ਸਥਾਪਨਾ ਦਿਵਸ ਵਰ੍ਹੇ ਦੌਰਾਨ 25ਵਾਂ ਕੌਮੀ ਮਹਾ ਸੰਮੇਲਨ ਚੰਡੀਗੜ੍ਹ ਵਿੱਚ ਕਰਵਾਉਣ ਸਬੰਧੀ, ਜ਼ਿਲ੍ਹਾ ਕੌਂਸਲ ਦੀ ਮੀਟਿੰਗ ਹੋਈ। ਇਸ ਮੀਟਿੰਗ ਦੀ ਅਗਵਾਈ ਪ੍ਰੀਤਮ ਸਿੰਘ ਹੁੰਦਲ ਨੇ ਕੀਤੀ। ਮੀਟਿੰਗ ਵਿੱਚ ਪਾਰਟੀ ਵਲੋਂ ਨਰਿੰਦਰ ਕੌਰ ਸੋਹਲ, ਭੁਪਿੰਦਰ ਸਿੰਘ, ਦੇਵੀ ਦਿਆਲ ਸ਼ਰਮਾ, ਕਰਮ ਸਿੰਘ ਵਕੀਲ ਅਤੇ ਰਾਜ ਕੁਮਾਰ ਜ਼ਿਲ੍ਹਾ ਸਕੱਤਰ ਵੀ ਸ਼ਾਮਲ ਹੋਏ।
ਨਰਿੰਦਰ ਕੌਰ ਸੋਹਲ ਨੇ ਦੱਸਿਆ ਕਿ ਪਾਰਟੀ ਵਲੋਂ ਪੰਜਾਬ ਦੇ ਭਖ਼ਦੇ ਮੁੱਦਿਆਂ ਉਤੇ ਚਾਰ ਸੈਮੀਨਾਰ ‘ਪੰਜਾਬ, ਪੰਜਾਬੀ ਅਤੇ ਪੰਜਾਬੀਅਤ’, ‘ਬੇਰੁਜ਼ਗਾਰੀ: ਸਮੱਸਿਆ ਅਤੇ ਹੱਲ’, ‘ਔਰਤਾਂ ਦਾ ਰੋਲ’, ‘ਲੋਕਤੰਤਰ ਤੇ ਸੰਵਿਧਾਨ ਨੂੰ ਉਤਪੰਨ ਖਤਰੇ’ ਕੀਤੇ ਗਏ ਹਨ ਅਤੇ ਪੰਜਵਾਂ ਸੈਮੀਨਾਰ ਲੁਧਿਆਣਾ ਵਿੱਚ ‘ਖੇਤੀਬਾੜੀ ਤੇ ਵਾਤਾਵਰਨ ਸੰਕਟ’ ਸੱਤ ਸਤੰਬਰ ਨੂੰ ਹੋਵੇਗਾ। ਦੇਸ਼ ਵਾਸੀਆਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਪੰਜਾਬ ਵਿੱਚ 21 ਤੋਂ 27 ਅਗਸਤ ਤੱਕ ਤਿੰਨ ਵੱਖੋ-ਵੱਖ ਜਥੇ ਭੇਜੇ ਜਾਣਗੇ। ਇਹ ਜਥੇ 25ਵੇਂ ਮਹਾ ਸੰਮੇਲਨ ਦੀ ਸਵਾਗਤੀ ਕਮੇਟੀ ਦੇ ਚੇਅਰਮੈਨ ਡਾ. ਸਵਰਾਜਬੀਰ ਤੇ ਜਨਰਲ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਦੀ ਅਗਵਾਈ ਵਿੱਚ ਭੇਜੇ ਜਾਣਗੇ। ਪਹਿਲਾ ਜਥਾ ਬਾਬਾ ਸੋਹਣ ਸਿੰਘ ਭਕਨਾ ਦੇ ਜਨਮ ਅਸਥਾਨ ਪਿੰਡ ਭਕਨਾ ਤੋਂ ਜੱਲ੍ਹਿਆਂਵਾਲਾ ਬਾਗ਼, ਦੂਜਾ ਜਥਾ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ, ਬੀਕੇ ਦੱਤ ਅਤੇ ਮਾਤਾ ਵਿਦਿਆਵਤੀ ਦੀ ਯਾਦਗਾਰ ਹੁਸੈਨੀਵਾਲਾ ਤੋਂ ਕਰਤਾਰ ਸਿੰਘ ਸਰਾਭਾ ਦੇ ਪਿੰਡ ਸਰਾਭਾ ਵਿਖੇ ਪੁੱਜੇਗਾ। ਤੀਜਾ ਜਥਾ ਸ਼ਹੀਦ ਊਧਮ ਸਿੰਘ ਦੇ ਯਾਦਗਾਰੀ ਸਥਾਨ ‘ਸੁਨਾਮ ਊਧਮ ਸਿੰਘ ਵਾਲਾ’ ਤੋਂ ਰਵਾਨਾ ਹੋ ਕੇ ਮਾਨਸਾ, ਬਠਿੰਡਾ ਤੇ ਮੁਹਾਲੀ ਰਾਹੀਂ ਚੰਡੀਗੜ੍ਹ ਪੁੱਜੇਗਾ। ਉਨ੍ਹਾਂ ਸਾਥੀਆਂ ਨੂੰ 21 ਸਤੰਬਰ ਨੂੰ ਮੁਹਾਲੀ ਰੈਲੀ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ।