ਪ੍ਰਕਾਸ਼ ਪੁਰਬ: ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਜਾਵੇਗਾ ਪਾਕਿਸਤਾਨ
ਪਹਿਲਗਾਮ ਅਤਿਵਾਦੀ ਹਮਲੇ ਅਤੇ ਅਪਰੇਸ਼ਨ ਸਿੰਧੂਰ ਤੋਂ ਬਾਅਦ ਭਲਕੇ 4 ਨਵੰਬਰ ਨੂੰ ਪਹਿਲੀ ਵਾਰ ਸਿੱਖ ਸ਼ਰਧਾਲੂਆਂ ਦਾ ਜੱਥਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮਾਂ ਵਿੱਚ ਸ਼ਾਮਲ ਹੋਣ ਅਤੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਜਾਵੇਗਾ। ਇਹ ਜੱਥਾ...
ਪਹਿਲਗਾਮ ਅਤਿਵਾਦੀ ਹਮਲੇ ਅਤੇ ਅਪਰੇਸ਼ਨ ਸਿੰਧੂਰ ਤੋਂ ਬਾਅਦ ਭਲਕੇ 4 ਨਵੰਬਰ ਨੂੰ ਪਹਿਲੀ ਵਾਰ ਸਿੱਖ ਸ਼ਰਧਾਲੂਆਂ ਦਾ ਜੱਥਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮਾਂ ਵਿੱਚ ਸ਼ਾਮਲ ਹੋਣ ਅਤੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਜਾਵੇਗਾ। ਇਹ ਜੱਥਾ ਅਟਾਰੀ-ਵਾਹਗਾ ਸਰਹੱਦ ਸੜਕ ਰਾਹੀਂ ਪਾਕਿਸਤਾਨ ਜਾਵੇਗਾ। ਸਿੱਖ ਸ਼ਰਧਾਲੂਆਂ ਦੇ ਜੱਥੇ ਦੇ ਨਾਲ ਹੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਜਾ ਰਹੇ ਹਨ, ਜੋ ਬਤੌਰ ਜਥੇਦਾਰ ਆਪਣੇ ਇਸ ਪਲੇਠੇ ਦੌਰੇ ਵਿੱਚ ਦੋਵੇਂ ਪਾਸੇ ਵੱਸਦੇ ਸਿੱਖਾਂ ਦੇ ਆਪਸੀ ਮਸਲਿਆਂ ਬਾਰੇ ਗੱਲਬਾਤ ਕਰ ਸਕਦੇ ਹਨ। ਲਗਪਗ 2100 ਤੋਂ ਵੱਧ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਵਾਸਤੇ ਵੀਜ਼ੇ ਦਿੱਤੇ ਗਏ ਹਨ, ਜਿਨਾਂ ਵਿੱਚ ਲਗਪਗ 1800 ਸਿੱਖ ਸ਼ਰਧਾਲੂ ਸ਼੍ਰੋਮਣੀ ਕਮੇਟੀ ਦੇ ਹਨ ਅਤੇ ਬਾਕੀ ਸ਼ਰਧਾਲੂ ਦਿੱਲੀ ਕਮੇਟੀ ਨਾਲ ਸਬੰਧਤ ਹਨ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਭਲਕੇ ਚਾਰ ਨਵੰਬਰ ਨੂੰ ਸਵੇਰੇ ਸਿੱਖ ਸ਼ਰਧਾਲੂਆਂ ਦਾ ਜੱਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਤੋਂ ਪੰਥਕ ਰਵਾਇਤਾਂ ਅਨੁਸਾਰ ਰਵਾਨਾ ਹੋਵੇਗਾ। ਸ਼ਰਧਾਲੂ ਲਗਪਗ 10 ਦਿਨ ਪਾਕਿਸਤਾਨ ਸਥਿਤ ਗੁਰੂ ਧਾਮਾਂ ਦੀ ਯਾਤਰਾ ਕਰਨਗੇ। ਪੰਜ ਨਵੰਬਰ ਨੂੰ ਮੁੱਖ ਸਮਾਗਮ ਗੁਰਦੁਆਰਾ ਨਨਕਾਣਾ ਸਾਹਿਬ ’ਚ ਹੋਵੇਗਾ।
ਇਸ ਜੱਥੇ ਦੇ ਨਾਲ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਉਨ੍ਹਾਂ ਦੇ ਹੋਰ ਸਹਿਯੋਗੀ ਵੀ ਜਾ ਰਹੇ ਹਨ, ਜਿਨ੍ਹਾਂ ਖੁਲਾਸਾ ਕੀਤਾ ਹੈ ਕਿ ਇਸ ਦੌਰੇ ਦੌਰਾਨ ਜਥੇਦਾਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਅਤੇ ਹੋਰ ਸਿੱਖ ਸੰਗਤ ਦੇ ਨਾਲ ਗੱਲਬਾਤ ਹੋਣ ’ਤੇ ਗੁਰੂਧਾਮਾਂ ਤੇ ਵਿਰਾਸਤ ਦੀ ਸਾਂਭ ਸੰਭਾਲ, ਬੰਦ ਅਹਿਮ ਗੁਰਦੁਆਰਿਆ ਨੂੰ ਸਿੱਖ ਸੰਗਤ ਦੇ ਦਰਸ਼ਨ ਦੀਦਾਰਿਆਂ ਵਾਸਤੇ ਖੋਲ੍ਹਣ, ਗੁਰੂਧਾਮਾਂ ਵਿੱਚ ਮਰਿਆਦਾ ਨੂੰ ਕਾਇਮ ਕਰਨ ਅਤੇ ਸਿੱਖ ਧਰਮ ਸਬੰਧੀ ਹੋਰ ਮਾਮਲੇ ਵਿਚਾਰ ਸਕਦੇ ਹਨ।

