ਪਾਵਰ ਇੰਜਨੀਅਰਾਂ ਨੇ ਅਧਿਕਾਰਤ ਵਟਸਐਪ ਗਰੁੱਪ ਛੱਡੇ
ਤਜਵੀਜ਼ਤ ਬਿਜਲੀ ਸੋਧ ਬਿੱਲ, ਮਹਿਕਮੇ ਦੀਆਂ ਜਾਇਦਾਦਾਂ ਦੀ ਵਿਕਰੀ, ਲੇਬਰ ਕੋਡਾਂ ਅਤੇ ਰਾਜ ਸਰਕਾਰ ਤੇ ਮੈਨੇਜਮੈਂਟ ਦੇ ਇੰਜਨੀਅਰਾਂ ਵਿਰੋਧੀ ਰਵੱਈਏ ਕਾਰਨ ਪੰਜਾਬ ਸਰਕਾਰ, ਪਾਵਰਕੌਮ ਮੈਨੇਜਮੈਂਟ ਅਤੇ ਪਾਵਰ ਇੰਜਨੀਅਰਾਂ ਵਿਚਾਲੇ ਕੁੜੱਤਣ ਵਧਦੀ ਜਾ ਰਹੀ ਹੈ। ਇਸ ਤਹਿਤ ਅੱਜ ਐੱਸ ਡੀ ਓ...
ਤਜਵੀਜ਼ਤ ਬਿਜਲੀ ਸੋਧ ਬਿੱਲ, ਮਹਿਕਮੇ ਦੀਆਂ ਜਾਇਦਾਦਾਂ ਦੀ ਵਿਕਰੀ, ਲੇਬਰ ਕੋਡਾਂ ਅਤੇ ਰਾਜ ਸਰਕਾਰ ਤੇ ਮੈਨੇਜਮੈਂਟ ਦੇ ਇੰਜਨੀਅਰਾਂ ਵਿਰੋਧੀ ਰਵੱਈਏ ਕਾਰਨ ਪੰਜਾਬ ਸਰਕਾਰ, ਪਾਵਰਕੌਮ ਮੈਨੇਜਮੈਂਟ ਅਤੇ ਪਾਵਰ ਇੰਜਨੀਅਰਾਂ ਵਿਚਾਲੇ ਕੁੜੱਤਣ ਵਧਦੀ ਜਾ ਰਹੀ ਹੈ। ਇਸ ਤਹਿਤ ਅੱਜ ਐੱਸ ਡੀ ਓ ਤੋਂ ਲੈ ਕੇ ਚੀਫ ਇੰਜਨੀਅਰ ਤੱਕ ਸਾਰੇ ਅਧਿਕਾਰੀਆਂ ਨੇ ਸਰਕਾਰੀ ਅਤੇ ਵਿਭਾਗੀ ਵਟਸਐਪ ਗਰੁੱਪ ਛੱਡ ਦਿੱਤੇ ਹਨ। ਇਹ ਫੈਸਲਾ ਪਾਵਰ ਇੰਜਨੀਅਰਜ਼ ਐਸੋਸੀਏਸ਼ਨ (ਪੀ ਐੱਸ ਈ ਬੀ) ਦੀ ਅਗਵਾਈ ਹੇਠ ਲਿਆ ਗਿਆ। ਇਸ ਤੋਂ ਇਲਾਵਾ ਇੰਜਨੀਅਰਾਂ ਨੇ ਹੋਰ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਗੇਟ ਰੈਲੀ ਵੀ ਕੀਤੀ। ਐਸੋਸੀਏਸ਼ਨ ਦੇ ਜਨਰਲ ਸਕੱਤਰ ਇੰਜਨੀਅਰ ਅਜੈਪਾਲ ਸਿੰਘ ਅਟਵਾਲ ਨੇ ਐਲਾਨ ਕੀਤਾ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਕੋਈ ਵੀ ਅਧਿਕਾਰੀ ਦੁਬਾਰਾ ਵਟਸਐਪ ਗਰੁੱਪ ਜੁਆਇਨ ਨਹੀਂ ਕਰੇਗਾ।
ਸ੍ਰੀ ਅਟਵਾਲ ਨੇ ਝੂਠੇ ਦੋਸ਼ਾਂ ਤਹਿਤ ਮੁਅੱਤਲ ਕੀਤੇ ਚੀਫ ਇੰਜਨੀਅਰ ਹਰੀਸ਼ ਸ਼ਰਮਾ ਦੀ ਫੌਰੀ ਬਹਾਲੀ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਉਹ ਮੁਅੱਤਲ ਕੀਤੇ ਚੀਫ ਇੰਜਨੀਅਰ ਤੇ ਹਟਾਏ ਡਾਇਰੈਕਟਰ ਹਰਜੀਤ ਸਿੰਘ ਦੀ ਬਹਾਲੀ ਤੱਕ ਸੰਘਰਸ਼ ਜਾਰੀ ਰੱਖਣਗੇ। ਟੀ ਐੱਸ ਯੂ (ਭੰਗਲ ਗਰੁੱਪ) ਅਤੇ ਪਾਵਰਕੌਮ ਤੇ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ (ਬਲਿਹਾਰ ਗਰੁੱਪ) ਸਰਕਲ ਪਟਿਆਲਾ ਨੇ ਵੀ ਸਰਕਲ ਦਫ਼ਤਰ 66 ਕੇ ਵੀ ਗਰਿੱਡ ਕਲੋਨੀ ਪਟਿਆਲਾ ਵਿੱਚ ਧਰਨਾ ਦੇ ਕੇ ਬਿਜਲੀ ਸੋਧ ਬਿੱਲ 2025 ਦੀਆਂ ਕਾਪੀਆਂ ਫੂਕੀਆਂ।

