ਪੰਜਾਬ ’ਚ ਬਿਜਲੀ ਦੀ ਮੰਗ 14 ਹਜ਼ਾਰ ਮੈਗਾਵਾਟ ਤੋਂ ਟੱਪੀ
ਆਤਿਸ਼ ਗੁਪਤਾ
ਚੰਡੀਗੜ੍ਹ, 20 ਮਈ
ਪੰਜਾਬ ਵਿੱਚ ਗਰਮੀ ਨੇ ਆਮ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਇਸ ਕਾਰਨ ਸੂਬੇ ਵਿੱਚ ਬਿਜਲੀ ਦੀ ਮੰਗ ਵੀ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਤਰੇਲੀਆਂ ਲਿਆ ਦਿੱਤੀਆਂ ਹਨ। ਅੱਜ ਪੰਜਾਬ ਵਿੱਚ ਦੁਪਹਿਰ ਸਮੇਂ ਬਿਜਲੀ ਦੀ ਮੰਗ 14 ਹਜ਼ਾਰ ਮੈਗਾਵਾਟ ’ਤੇ ਪਹੁੰਚ ਗਈ। ਇਸ ਦੇ ਨਾਲ ਹੀ ਪੰਜਾਬ ਵਿੱਚ ਗਰਮੀ ਵਧਣ ਕਰਕੇ ਸਰਕਾਰੀ ਤੇ ਨਿੱਜੀ ਖੇਤਰ ਦੇ ਕੁੱਲ 5 ਥਰਮਲ ਪਲਾਂਟਾਂ ਦੇ 15 ਯੂਨਿਟਾਂ ਵਿੱਚੋਂ 13 ਯੂਨਿਟ ਚੱਲ ਰਹੇ ਹਨ। ਹਾਲਾਂਕਿ ਹਾਲੇ ਪੰਜਾਬ ਵਿੱਚ ਝੋਨੇ ਦੀ ਲੁਆਈ ਸ਼ੁਰੂ ਨਹੀਂ ਹੋਈ ਹੈ, ਜੋ ਪਹਿਲੀ ਜੂਨ ਤੋਂ ਹੋਵੇਗੀ। ਇਸ ਸਮੇਂ ਸਿਰਫ਼ ਸਿੱਧੀ ਤਕਨੀਕ ਨਾਲ ਝੋਨੇ ਦੀ ਬਿਜਾਈ ਕੀਤੀ ਜਾ ਰਹੀ ਹੈ। ਝੋਨੇ ਦੀ ਲੁਆਈ ਸ਼ੁਰੂ ਹੋਣ ਨਾਲ ਬਿਜਲੀ ਦੀ ਮੰਗ ਹੋਰ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਪਿਛਲੇ ਤਿੰਨ ਚਾਰ ਦਿਨਾਂ ਤੋਂ ਬਿਜਲੀ ਦੀ ਮੰਗ 13 ਹਜ਼ਾਰ ਮੈਗਾਵਾਟ ਤੋਂ ਹੇਠਾਂ ਚੱਲ ਰਹੀ ਸੀ, ਪਰ ਅੱਜ ਬਿਜਲੀ ਦੀ ਮੰਗ ਇਕ ਹਜ਼ਾਰ ਮੈਗਾਵਾਟ ਵੱਧ ਗਈ ਹੈ। ਅੱਜ ਦੁਪਹਿਰ ਸਮੇਂ ਸੂਬੇ ਵਿੱਚ ਬਿਜਲੀ ਦੀ ਮੰਗ 14027 ਮੈਗਾਵਾਟ ਦਰਜ ਕੀਤੀ ਗਈ ਹੈ। ਬੀਤੇ ਦਿਨ 19 ਮਈ ਨੂੰ ਮੰਗ 12732 ਮੈਗਾਵਾਟ ਦਰਜ ਕੀਤੀ ਗਈ ਸੀ। ਰੋਪੜ ਥਰਮਲ ਪਲਾਂਟ ਦੇ ਚਾਰੋਂ ਯੂਨਿਟ ਚੱਲ ਰਹੇ ਸਨ, ਜਿੱਥੋਂ 600 ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ। ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਚਾਰ ਵਿੱਚੋਂ ਤਿੰਨ ਯੂਨਿਟ ਚੱਲ ਰਹੇ ਹਨ, ਜਿੱਥੇ 598 ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ। ਇਸੇ ਤਰ੍ਹਾਂ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਦੋ ਵਿੱਚੋਂ ਇਕ ਯੂਨਿਟ ਹੀ ਕਾਰਜਸ਼ੀਲ ਸੀ, ਜਿੱਥੋਂ 249 ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ। ਦੂਜੇ ਪਾਸੇ ਨਿੱਜੀ ਖੇਤਰ ਦੇ ਰਾਜਪੁਰਾ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਚੱਲ ਰਹੇ ਸਨ, ਜਿੱਥੋਂ 1325 ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ। ਇਸੇ ਤਰ੍ਹਾਂ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਤਿੰਨੋਂ ਯੂਨਿਟ ਚੱਲ ਰਹੇ ਹਨ, ਜਿੱਥੇ 1812 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ।
ਬਠਿੰਡਾ ਹਵਾਈ ਅੱਡੇ ’ਤੇ ਤਾਪਮਾਨ 45.4 ਡਿਗਰੀ ਸੈਲਸੀਅਸ ਦਰਜ
ਪੰਜਾਬ ਵਿੱਚ ਅੱਜ ਆਮ ਨਾਲੋਂ 2 ਤੋਂ 3 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਪੰਜਾਬ ਦੇ ਬਠਿੰਡਾ ਹਵਾਈ ਅੱਡੇ ਦਾ ਨਜ਼ਦੀਕੀ ਇਲਾਕਾ ਸਭ ਤੋਂ ਗਰਮ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 45.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਦੌਰਾਨ ਚੰਡੀਗੜ੍ਹ ਦਾ ਤਾਪਮਾਨ 41 ਡਿਗਰੀ ਸੈਲਸੀਅਸ, ਅੰਮ੍ਰਿਤਸਰ ਦਾ 42.4, ਲੁਧਿਆਣਾ ਦਾ 41.6, ਪਟਿਆਲਾ ਦਾ 39.8 , ਪਠਾਨਕੋਟ ਦਾ 40.5, ਫਰੀਦਕੋਟ ਦਾ 43.5, ਗੁਰਦਾਸਪੁਰ ਦਾ 41.7, ਨਵਾਂਸ਼ਹਿਰ ਦਾ 38.9, ਫ਼ਤਹਿਗੜ੍ਹ ਸਾਹਿਬ ਦਾ 40.7, ਹੁਸ਼ਿਆਰਪੁਰ ਦਾ 39.6 , ਮੁਹਾਲੀ ਦਾ 39.5, ਸੰਗਰੂਰ ਦਾ 44.7 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ 21 ਤੇ 22 ਮਈ ਨੂੰ ਗਰਮ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ, ਜਦੋਂਕਿ ਕਈ ਥਾਵਾਂ ’ਤੇ ਬੱਦਲਵਾਈ ਹੋ ਸਕਦੀ ਹੈ। 23, 24 ਤੇ 25 ਮਈ ਨੂੰ ਮੌਸਮ ਮਿਜ਼ਾਜ ਬਦਲ ਸਕਦਾ ਹੈ।