ਆਲੂਆਂ ਦੀ ਮੰਦਹਾਲੀ: ਪੁਟਾਈ ਡੇਢ ਰੁਪਏ ਤੇ ਵਿਕਰੀ ਪੰਜ ਰੁਪਏ ਕਿੱਲੋ
ਅਗੇਤੇ ਆਲੂਆਂ ਦੇ ਭਾਅ ਵਿੱਚ ਆਏ ਮੰਦੇ ਕਾਰਨ ਆਲੂ ਉਤਪਾਦਕ ਪ੍ਰੇਸ਼ਾਨ ਹਨ। ਕਿਸਾਨਾਂ ਦੇ ਖਰਚੇ ਵੀ ਪੂਰੇ ਨਹੀਂ ਹੋ ਰਹੇ। ਕਿਸਾਨਾਂ ਵੱਲੋਂ 145 ਤੋਂ 150 ਰੁਪਏ ਪ੍ਰਤੀ ਕੁਇੰਟਲ ਆਲੂਆਂ ਦੀ ਪੁਟਾਈ ਦੀ ਮਜ਼ਦੂਰੀ ਦਿੱਤੀ ਜਾ ਰਹੀ ਹੈ ਅਤੇ ਆਲੂਆਂ ਦੀ...
ਅਗੇਤੇ ਆਲੂਆਂ ਦੇ ਭਾਅ ਵਿੱਚ ਆਏ ਮੰਦੇ ਕਾਰਨ ਆਲੂ ਉਤਪਾਦਕ ਪ੍ਰੇਸ਼ਾਨ ਹਨ। ਕਿਸਾਨਾਂ ਦੇ ਖਰਚੇ ਵੀ ਪੂਰੇ ਨਹੀਂ ਹੋ ਰਹੇ। ਕਿਸਾਨਾਂ ਵੱਲੋਂ 145 ਤੋਂ 150 ਰੁਪਏ ਪ੍ਰਤੀ ਕੁਇੰਟਲ ਆਲੂਆਂ ਦੀ ਪੁਟਾਈ ਦੀ ਮਜ਼ਦੂਰੀ ਦਿੱਤੀ ਜਾ ਰਹੀ ਹੈ ਅਤੇ ਆਲੂਆਂ ਦੀ ਕੀਮਤ ਮਸੀਂ 500 ਰੁਪਏ ਕੁਇੰਟਲ ਹੈ। ਹੈਰਾਨੀਜਨਕ ਗੱਲ ਇਹ ਵੀ ਹੈ ਕਿ ਕਿਸਾਨਾਂ ਕੋਲੋਂ 5 ਰੁਪਏ ਕਿੱਲੋ ਖਰੀਦਿਆ ਜਾ ਰਿਹਾ ਆਲੂ ਖ਼ਪਤਕਾਰ ਨੂੰ ਪੰਦਰਾਂ ਤੋਂ ਵੀਹ ਰੁਪਏ ਪ੍ਰਤੀ ਕਿਲੋ ਮਿਲ ਰਿਹਾ ਹੈ।
ਬਨੂੜ ਖੇਤਰ ਵਿਚ ਵੱਡੀ ਪੱਧਰ ਉੱਤੇ ਆਲੂਆਂ ਦੀ ਕਾਸ਼ਤ ਹੁੰਦੀ ਹੈ। ਭਾਅ ਵਿਚ ਆਈ ਮੰਦਹਾਲੀ ਕਾਰਨ ਕਿਸਾਨਾਂ ਵੱਲੋਂ ਵੱਡੀ ਪੱਧਰ ’ਤੇ ਅਗੇਤਾ ਆਲੂ ਪੁਟਵਾਇਆ ਜਾ ਰਿਹਾ ਹੈ ਤਾਂ ਜੋ ਆਲੂਆਂ ਤੋਂ ਵਿਹਲੀ ਹੋਈ ਜ਼ਮੀਨ ਵਿਚ ਕਿਸੇ ਹੋਰ ਫ਼ਸਲ ਦੀ ਕਾਸ਼ਤ ਕੀਤੀ ਜਾ ਸਕੇ। ਆਲੂਆਂ ਦੀ ਪੁਟਾਈ ਕਰਾ ਰਹੇ ਕਿਸਾਨ ਮਨਜੀਤ ਸਿੰਘ ਮੋਟੇ ਮਾਜਰਾ, ਸੁਖਵਿੰਦਰ ਸਿੰਘ, ਰਣਜੀਤ ਸਿੰਘ, ਸਾਬਕਾ ਸਰਪੰਚ ਲੱਖੀ ਅਬਰਾਵਾਂ, ਜਸਪਾਲ ਸਿੰਘ ਜੰਗਪੁਰਾ, ਕੁਲਵੰਤ ਸਿੰਘ ਨੰਡਿਆਲੀ, ਗੁਰਵਿੰਦਰ ਸਿੰਘ ਸਾਬਕਾ ਸਰਪੰਚ ਰਾਮਪੁਰ, ਮੱਖਣ ਸਿੰਘ ਬਾਂਡਿਆਂ ਬਸੀ, ਜਗਤਾਰ ਸਿੰਘ ਕੰਬੋਜ ਤੇ ਪਰਮਜੀਤ ਸਿੰਘ ਬਾਸਮਾਂ ਨੇ ਦੱਸਿਆ ਕਿ ਆਲੂਆਂ ਦੇ ਬੀਜ, ਲਵਾਈ, ਖਾਦਾਂ, ਸਪਰੇਆਂ, ਪੁਟਾਈ ’ਤੇ ਭਾਰੀ ਖ਼ਰਚਾ ਹੁੰਦਾ ਹੈ ਅਤੇ ਆਲੂਆਂ ਦੇ ਘਟੇ ਭਾਅ ਕਾਰਨ ਕਿਸਾਨਾਂ ਦੇ ਖਰਚੇ ਵੀ ਪੂਰੇ ਨਹੀਂ ਹੋ ਰਹੇ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਘੱਟੋ ਘੱਟ ਦਸ ਰੁਪਏ ਕਿਲੋ ਨੂੰ ਆਲੂ ਦੀ ਖਰੀਦ ਕਰਕੇ ਸਰਕਾਰੀ ਏਜੰਸੀਆਂ ਰਾਹੀਂ ਆਲੂਆਂ ਦੀ ਖ਼ਪਤਕਾਰਾਂ ਤੱਕ ਸਸਤੀ ਪਹੁੰਚ ਕਰਾਈ ਜਾਵੇ। ਇਸ ਨਾਲ ਕਿਸਾਨਾਂ ਦੇ ਖਰਚੇ ਵੀ ਪੂਰੇ ਹੋਣਗੇ ਅਤੇ ਵਿਚੋਲਿਆਂ ਵੱਲੋਂ ਖ਼ਪਤਕਾਰਾਂ ਦੀ ਕੀਤੀ ਜਾ ਰਹੀ ਲੁੱਟ ਵੀ ਬਚੇਗੀ।

