ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਥ ਹਰਿਮੰਦਰ ਸਾਹਿਬ ਸਮੂਹ ਸਥਿਤ ਕੇਂਦਰੀ ਸਿੱਖ ਅਜਾਇਬ ਘਰ ’ਚ ਸਿੱਖ ਇਤਿਹਾਸ ਦੇ ਅਹਿਮ ਪਾਤਰ ਭਾਈ ਕੁੰਮਾ ਮਾਸ਼ਕੀ ਦੇ ਨਾਲ-ਨਾਲ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਤੇ ਬਾਬਾ ਮੋਹਨ ਸਿੰਘ ਮਤਵਾਲਾ ਦੀਆਂ ਤਸਵੀਰਾਂ ਸੁਸ਼ੋਭਿਤ ਕੀਤੀਆਂ ਹਨ। ਅਰਦਾਸ ਉਪਰੰਤ ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ, ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਨਿਭਾਈ। ਇਸ ਮੌਕੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਕੌਮ ਲਈ ਘਾਲਣਾ ਘਾਲਣ ਵਾਲਿਆਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿਚ ਸਥਾਪਤ ਕਰਕੇ ਸਿੱਖ ਸੰਸਥਾ ਵੱਲੋਂ ਉਨ੍ਹਾਂ ਨੂੰ ਸਨਮਾਨ ਦਿੱਤਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਪਰਿਵਾਰ ਵਿਛੋੜੇ ਮਗਰੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸੇਵਾ ਕਰਨ ਵਾਲੇ ਭਾਈ ਕੁੰਮਾ ਮਾਸ਼ਕੀ ਦਾ ਸਿੱਖ ਜਗਤ ਵਿਚ ਵੱਡਾ ਸਤਿਕਾਰ ਹੈ। ਉਨ੍ਹਾਂ ਨੇ ਹਕੂਮਤਾਂ ਦੀ ਪ੍ਰਵਾਹ ਕੀਤੇ ਬਗੈ਼ਰ ਗੁਰੂ ਪਰਿਵਾਰ ਦੀ ਸੇਵਾ ਕੀਤੀ। ਉਨ੍ਹਾਂ ਦਾ ਜੀਵਨ ਸੰਗਤਾਂ ਲਈ ਹਮੇਸ਼ਾ ਪ੍ਰੇਰਨਾਦਾਇਕ ਰਹੇਗਾ।
ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਾਰਾ ਜੀਵਨ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸੀ। ਉਨ੍ਹਾਂ ਧਰਮ ਦੇ ਪ੍ਰਚਾਰ ਪ੍ਰਸਾਰ ਦੇ ਨਾਲ-ਨਾਲ ਜਿਥੇ ਸਕੂਲ, ਕਾਲਜ ਤੇ ਹਸਪਤਾਲ ਸਥਾਪਤ ਕੀਤੇ। ਇਸੇ ਤਰ੍ਹਾਂ ਬਾਬਾ ਮੋਹਨ ਸਿੰਘ ਮਤਵਾਲਾ ਨੇ ਗੁਰਮਤਿ ਵਿਦਿਆਲਾ ਸਥਾਪਤ ਕਰਕੇ ਅਨੇਕਾਂ ਗ੍ਰੰਥੀ, ਰਾਗੀ ਅਤੇ ਕਥਾਵਾਚਕ ਤਿਆਰ ਕੀਤੇ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਵਿਚਾਰ ਪ੍ਰਗਟਾਏ। ਇਸ ਮੌਕੇ ਤਸਵੀਰਾਂ ਲੱਗਣ ਵਾਲੀਆਂ ਸ਼ਖ਼ਸੀਅਤਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ।

