ਸਿਆਸੀ ਧਿਰਾਂ ਨੇ ਪੰਜਾਬ ਦਾ ਕਦੇ ਭਲਾ ਨਹੀਂ ਸੋਚਿਆ: ਹਰਪ੍ਰੀਤ ਸਿੰਘ
ਜਗਜੀਤ ਸਿੰਘ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੱਤਾ ’ਤੇ ਕਾਬਜ਼ ਹੋਣ ਲਈ ਸ਼ਾਮ ਦਾਮ, ਦੰਡ, ਭੇਦ ਵਰਤਣ ਦੀ ਸਿਆਸਤ ਪੰਜਾਬੀਆਂ ’ਤੇ ਥੋਪਣ ਵਾਲੇ ਸਿਆਸੀ ਆਗੂ ਕਦੇ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੇ। ਉਹ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਜ਼ਾਹਰਾ ਜਹੂਰ ਪੁਰਹੀਰਾਂ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਅਗਵਾਈ ਵਿੱਚ ਹੋਏ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਸੂਬੇ ਅੰਦਰ ਸਰਕਾਰਾਂ ਬਣਾਉਣ ਵਾਲੀਆਂ ਸਿਆਸੀ ਧਿਰਾਂ ਨੇ ਕਦੇ ਪੰਜਾਬ ਦੇ ਲੋਕਾਂ ਨੂੰ ਉੱਚਾ ਚੁੱਕਣ ਦਾ ਯਤਨ ਹੀ ਨਹੀਂ ਕੀਤਾ। ਪੰਜਾਬੀਆਂ ਨੂੰ ਕਿਰਤ ਨਾਲ ਜੋੜਨ ਦੀ ਥਾਂ ਮੁਫ਼ਤਖੋਰੇ ਬਣਾਉਣ ਦਾ ਯਤਨ ਹੀ ਕੀਤਾ ਹੈ। ਅਜਿਹੇ ਆਗੂਆਂ ਦਾ ਇੱਕ ਨੁਕਾਤੀ ਪ੍ਰੋਗਰਾਮ ਕੇਵਲ ਪੰਜਾਬ ਨੂੰ ਦੋਵਾਂ ਹੱਥਾਂ ਨਾਲ ਲੁੱਟਣਾ ਹੀ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਪ੍ਰਤੀ ਅਜਿਹੀ ਘਟੀਆ ਸੋਚ ਰੱਖਣ ਵਾਲੇ ਸਿਆਸਤਦਾਨ ਇਹ ਭੁੱਲ ਗਏ ਨੇ ਪੰਜਾਬੀਆਂ ਨੇ ਕਦੇ ਆਪਣੀ ਅਣਖ ਨਾਲ ਸਮਝੌਤਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਬੇਰੁਖ਼ੀ ਕਾਰਨ ਪੰਜਾਬ ਦੇ ਕਿਸਾਨ ਪ੍ਰੇਸ਼ਾਨ ਹਨ। ਨੌਜਵਾਨਾਂ ਨੂੰ ਬੇਰੁਜ਼ਗਾਰੀ ਦੇ ਆਲਮ ’ਚੋਂ ਗੁਜ਼ਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਲਈ ਸੂਬੇ ਦੇ ਸਾਰੇ ਹਵਾਈ ਅੱਡੇ ਡਰਾਈ ਪੋਰਟ ਐਲਾਨਣ ਅਤੇ ਗੁਆਂਢੀ ਮੁਲਕਾਂ ਨਾਲ ਵਪਾਰਕ ਸਬੰਧ ਸੁਖਾਲੇ ਕੀਤੇ ਜਾਣ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਆਰਡੀਐੱਫ ਦੀ ਬਕਾਇਆ ਰਕਮ ਤੁਰੰਤ ਜਾਰੀ ਕਰੇ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ’ਚ ਜਲਦੀ ਹੀ ਜਥੇਬੰਦਕ ਢਾਂਚਾ ਕਾਇਮ ਕਰ ਦਿੱਤਾ ਜਾਵੇਗਾ। ਇਸ ਦੌਰਾਨ ਹੁਸ਼ਿਆਰਪੁਰ ਦੇ ਪਾਰਟੀ ਵਰਕਰਾਂ ਨੇ ਪੰਜ ਲੱਖ ਰੁਪਏ ਪਾਰਟੀ ਫੰਡ ਦਿੱਤਾ।