DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿਆਸੀ ਓਹਲਾ: ਮੌਜਾਂ ਦੇ ਗਿਆ ਉੱਡਣ ਖਟੋਲਾ..!

ਚੋਣਾਂ ਮੌਕੇ ਬਾਦਲ ਤੇ ਮਜੀਠੀਆ ਪਰਿਵਾਰ ਦੇ ਹੈਲੀਕਾਪਟਰਾਂ ਦੀ ਪੈਂਦੀ ਸੀ ਗੂੰਜ

  • fb
  • twitter
  • whatsapp
  • whatsapp
Advertisement

ਚਰਨਜੀਤ ਭੁੱਲਰ

ਚੰਡੀਗੜ੍ਹ, 29 ਜੂਨ

Advertisement

ਸ਼੍ਰੋਮਣੀ ਅਕਾਲੀ ਦਲ ਪੰਜਾਬ ’ਚ ਚੋਣਾਂ ਦੇ ਪ੍ਰਚਾਰ ਮੌਕੇ ਬਾਦਲ ਤੇ ਮਜੀਠੀਆ ਪਰਿਵਾਰ ਦੇ ਹੈਲੀਕਾਪਟਰ ਵਰਤਦਾ ਰਿਹਾ ਹੈ। ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਮੌਕੇ ਬਾਦਲ ਪਰਿਵਾਰ ਦੀ ਔਰਬਿਟ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਅਤੇ ਸਰਾਇਆ ਏਵੀਏਸ਼ਨ ਪ੍ਰਾਈਵੇਟ ਕੰਪਨੀ ਦੇ ਹੈਲੀਕਾਪਟਰਾਂ ਦੀ ਗੂੰਜ ਪੈਂਦੀ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਹੈਲੀਕਾਪਟਰਾਂ ’ਚ ਚੋਣ ਪ੍ਰਚਾਰ ਲਈ ਸਫ਼ਰ ਵੀ ਸਿਰਫ਼ ਬਾਦਲ ਤੇ ਮਜੀਠੀਆ ਪਰਿਵਾਰ ਨੇ ਹੀ ਕੀਤਾ। ਸ਼੍ਰੋਮਣੀ ਅਕਾਲੀ ਦਲ ਦਾ ਕੋਈ ਅਜਿਹਾ ਦੂਸਰਾ ਸਟਾਰ ਪ੍ਰਚਾਰਕ ਨਹੀਂ ਸੀ ਜਿਸ ਨੂੰ ਚੋਣ ਪ੍ਰਚਾਰ ਲਈ ਹੈਲੀਕਾਪਟਰ ’ਚ ਬੈਠਣ ਦਾ ਮੌਕਾ ਮਿਲਿਆ ਹੋਵੇ।

Advertisement

ਹੁਣ ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਮਜੀਠੀਆ ਪਰਿਵਾਰ ਦੀਆਂ ਕੰਪਨੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ’ਚ ਸਰਾਇਆ ਇੰਡਸਟਰੀਜ਼ ਵੀ ਸ਼ਾਮਲ ਹੈ। ਬੇਸ਼ੱਕ ਸਰਾਇਆ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਦਾ ਕਿਧਰੇ ਕੋਈ ਜ਼ਿਕਰ ਨਹੀਂ ਆਇਆ ਹੈ ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣਾਂ ਮੌਕੇ ਇਸ ਕੰਪਨੀ ਦੇ ਹੈਲੀਕਾਪਟਰ ਕਿਰਾਏ ’ਤੇ ਲਏ ਗਏ ਸਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਲ 2017-18 ਦੇ ਆਡਿਟ ਅਤੇ ਚੋਣ ਖ਼ਰਚੇ ਦੇ ਦਸਤਾਵੇਜ਼ ਭਾਰਤੀ ਚੋਣ ਕਮਿਸ਼ਨ ਕੋਲ ਜਮ੍ਹਾਂ ਕਰਵਾਏ ਗਏ ਹਨ, ਉਨ੍ਹਾਂ ਅਨੁਸਾਰ ਔਰਬਿਟ ਏਵੀਏਸ਼ਨ ਨੂੰ 1.87 ਕਰੋੜ ਰੁਪਏ ਅਕਾਲੀ ਦਲ ਦੇ ਖ਼ਜ਼ਾਨੇ ਵਿਚੋਂ ਕਿਰਾਇਆ ਤਾਰਿਆ ਗਿਆ ਹੈ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਲ 2017 ’ਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਔਰਬਿਟ ਏਵੀਏਸ਼ਨ ਦਾ ਹੈਲੀਕਾਪਟਰ ਕਿਰਾਏ ’ਤੇ ਲਿਆ ਗਿਆ ਸੀ। ਇਹ ਹੈਲੀਕਾਪਟਰ 6 ਜਨਵਰੀ 2017 ਤੋਂ 2 ਫਰਵਰੀ 2017 ਤੱਕ ਸ਼੍ਰੋਮਣੀ ਅਕਾਲੀ ਦਲ ਕੋਲ ਕਿਰਾਏ ’ਤੇ ਰਿਹਾ। ਇਸ ਸਮੇਂ ਦੌਰਾਨ ਔਰਬਿਟ ਦੇ ਹੈਲੀਕਾਪਟਰ ’ਤੇ ਸ਼੍ਰੋਮਣੀ ਅਕਾਲੀ ਦਲ ਨੇ ਵੱਖ ਵੱਖ ਪਿੰਡਾਂ ਤੇ ਸ਼ਹਿਰਾਂ ਦੇ 104 ਗੇੜੇ ਲਾਏ। ਔਰਬਿਟ ਦੇ ਹੈਲੀਕਾਪਟਰ ਵਿੱਚ ਸੱਤ ਗੇੜਿਆਂ ਮੌਕੇ ਪ੍ਰਕਾਸ਼ ਸਿੰਘ ਬਾਦਲ ਨੇ ਸਫ਼ਰ ਕੀਤਾ ਜਦੋਂ ਕਿ ਦਿੱਲੀ ਅਤੇ ਚੰਡੀਗੜ੍ਹ ਦੇ ਦੋ ਗੇੜਿਆਂ ਦਾ ਸਫ਼ਰ ਇਕੱਲੇ ਬਿਕਰਮ ਸਿੰਘ ਮਜੀਠੀਆ ਨੇ ਕੀਤਾ। ਇਸ ਵਿਚ ਹਰਸਿਮਰਤ ਕੌਰ ਬਾਦਲ ਨੇ ਇੱਕ ਵਾਰ ਸਫ਼ਰ ਕੀਤਾ।

ਇਨ੍ਹਾਂ ਚੋਣਾਂ ਦੇ ਪ੍ਰਚਾਰ ਦੌਰਾਨ ਬਾਕੀ 94 ਗੇੜਿਆਂ ’ਚ ਸੁਖਬੀਰ ਸਿੰਘ ਬਾਦਲ ਨੇ ਕਿਰਾਏ ’ਤੇ ਔਰਬਿਟ ਏਵੀਏਸ਼ਨ ਦਾ ਹੈਲੀਕਾਪਟਰ ਵਰਤਿਆ। ਇਨ੍ਹਾਂ ਕੁੱਲ 104 ਗੇੜਿਆਂ ਦਾ ਕਿਰਾਇਆ 1.37 ਕਰੋੜ ਸ਼੍ਰੋਮਣੀ ਅਕਾਲੀ ਦਲ ਨੇ ਤਾਰਿਆ ਸੀ। ਚੋਣ ਕਮਿਸ਼ਨ ਦੀ ਸੂਚਨਾ ਅਨੁਸਾਰ ਜਦੋਂ ਲੋਕ ਸਭਾ ਚੋਣਾਂ 2014 ਸਨ ਤਾਂ ਉਦੋਂ ਸ਼੍ਰੋਮਣੀ ਅਕਾਲੀ ਦਲ ਨੇ ਮਜੀਠੀਆ ਪਰਿਵਾਰ ਦੀ ਸਰਾਇਆ ਏਵੀਏਸ਼ਨ ਦਾ ਹੈਲੀਕਾਪਟਰ ਕਿਰਾਏ ’ਤੇ ਲਿਆ ਸੀ ਜਿਸ ਦਾ ਕਿਰਾਇਆ 41.10 ਲੱਖ ਰੁਪਏ ਤਾਰਿਆ ਗਿਆ। ਉਦੋਂ ਸਟਾਰ ਪ੍ਰਚਾਰਕ ਬਿਕਰਮ ਸਿੰਘ ਮਜੀਠੀਆ ਨੇ 13 ਮਾਰਚ 2014 ਨੂੰ ਆਪਣੇ ਹੀ ਪਰਿਵਾਰ ਦੀ ਕੰਪਨੀ ਸਰਾਇਆ ਏਵੀਏਸ਼ਨ ਦੇ ਹੈਲੀਕਾਪਟਰ ’ਤੇ ਦਿੱਲੀ ਤੋਂ ਅੰਮ੍ਰਿਤਸਰ ਲਈ ਸਫ਼ਰ ਕੀਤਾ ਜਿਸ ਦਾ ਕਿਰਾਇਆ ਸ਼੍ਰੋਮਣੀ ਅਕਾਲੀ ਦਲ ਨੇ 2.97 ਲੱਖ ਰੁਪਏ ਤਾਰਿਆ ਸੀ।

ਉਨ੍ਹਾਂ ਚੋਣਾਂ ਮੌਕੇ ਪੰਜ ਗੇੜਿਆਂ ’ਚ ਬਿਕਰਮ ਸਿੰਘ ਮਜੀਠੀਆ ਨੇ ਸਫ਼ਰ ਕੀਤਾ ਸੀ ਜਦੋਂ ਕਿ 24 ਮਾਰਚ 2014 ਨੂੰ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੇ ਇਕੱਠੇ ਸਫ਼ਰ ਕੀਤਾ ਸੀ। ਉਨ੍ਹਾਂ ਲੋਕ ਸਭਾ ਚੋਣਾਂ ਵਿੱਚ ਕੁੱਲ 137 ਗੇੜਿਆਂ ਦਾ ਕਿਰਾਇਆ ਸ਼੍ਰੋਮਣੀ ਅਕਾਲੀ ਦਲ ਨੇ 2.51 ਕਰੋੜ ਰੁਪਏ ਤਾਰਿਆ ਸੀ।

ਇਕ ਹੱਥ ਬਾਦਲ ਪਰਿਵਾਰ ਨੇ ਦਾਨ ਦਿੱਤਾ, ਦੂਜੇ ਹੱਥ ਹੈਲੀਕਾਪਟਰ ਦਾ ਕਿਰਾਇਆ ਵੀ ਲਿਆ

ਦਿਲਚਸਪ ਤੱਥ ਹਨ ਕਿ ਸਾਲ 2017-18 ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਔਰਬਿਟ ਕੰਪਨੀ ਨੇ 97 ਲੱਖ ਰੁਪਏ ਅਤੇ ਡੱਬਵਾਲੀ ਟਰਾਂਸਪੋਰਟ ਕੰਪਨੀ ਨੇ 94.50 ਲੱਖ ਰੁਪਏ ਦਾ ਦਾਨ ਦਿੱਤਾ। ਦੇਖਿਆ ਜਾਵੇ ਤਾਂ ਇੱਕ ਹੱਥ ਬਾਦਲ ਪਰਿਵਾਰ ਨੇ ਦਾਨ ਦਿੱਤਾ ਅਤੇ ਦੂਜੇ ਹੱਥ ਸ਼੍ਰੋਮਣੀ ਅਕਾਲੀ ਦਲ ਤੋਂ ਹੈਲੀਕਾਪਟਰ ਦਾ ਕਿਰਾਇਆ ਵੀ ਲਿਆ। ਬਹੁਤੇ ਮੌਕਿਆਂ ’ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਪ੍ਰਚਾਰ ਲਈ ਚੋਣ ਫ਼ੰਡ ਵੀ ਬਾਦਲ ਪਰਿਵਾਰ ਅਤੇ ਉਨ੍ਹਾਂ ਦੇ ਨੇੜਲਿਆਂ ਨੂੰ ਹੀ ਮਿਲਦਾ ਰਿਹਾ ਹੈ।

Advertisement
×