ਨਸ਼ਾ ਤਸਕਰ ਨੂੰ ਫੜਨ ਗਈ ਪੁਲੀਸ ਟੀਮ ’ਤੇ ਹਮਲਾ
ਦੋ ਮੁਲਾਜ਼ਮ ਜ਼ਖ਼ਮੀ; ਬੇਰੰਗ ਪਰਤੀ ਪੁਲੀਸ; ਨਸ਼ਾ ਤਸਕਰ ਖ਼ਿਲਾਫ਼ ਦਸ ਕੇਸ ਦਰਜ
ਸੁੱਚਾ ਸਿੰਘ ਪਸਨਾਵਾਲ
ਕਾਦੀਆਂ, 4 ਜੂਨ
ਨਜ਼ਦੀਕੀ ਪਿੰਡ ਮੁਰਾਦਪੁਰ ਵਿੱਚ ਨਸ਼ਾ ਤਸਕਰ ਨੂੰ ਫੜਨ ਗਏ ਪੁਲੀਸ ਮੁਲਾਜ਼ਮਾਂ ’ਤੇ ਨਸ਼ਾ ਤਸਕਰ ਤੇ ਉਸ ਦੇ ਪੁੱਤ ਵੱਲੋਂ ਹਮਲਾ ਕਰਨ ’ਤੇ ਟੀਮ ਨੂੰ ਬੇਰੰਗ ਪਰਤਣਾ ਪਿਆ। ਇਸ ਦੌਰਾਨ ਦੋ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ।
ਪ੍ਰਾਪਤ ਜਾਣਕਾਰੀ ਐੱਨਡੀਪੀਐੱਸ ਐਕਟ ਦੇ ਮਾਮਲੇ ਵਿੱਚ ਨਾਮਜ਼ਦ ਸ਼ਿਵੰਦਰ ਸਿੰਘ ਵਾਸੀ ਮੁਰਾਦਪੁਰ ਨੂੰ ਫੜਨ ਲਈ ਥਾਣਾ ਕਾਦੀਆਂ ਦੇ ਮੁਖੀ ਇੰਸਪੈਕਟਰ ਗੁਰਮੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਮੰਗਲਵਾਰ ਦੇਰ ਸ਼ਾਮ ਨੂੰ ਪਿੰਡ ਮੁਰਾਦਪੁਰ ਦੇ ਬਾਹਰਵਾਰ ਉਸ ਦੇ ਘਰ ਪਹੁੰਚੀ। ਇਸ ਦੌਰਾਨ ਸ਼ਿਵੰਦਰ ਸਿੰਘ ਤੇ ਉਸ ਦਾ ਪੁੱਤਰ ਪੁਲੀਸ ਨੂੰ ਦੇਖ ਕੇ ਕੋਠੀ ਦੀ ਦੂਜੀ ਮੰਜ਼ਲ ਦੀ ਛੱਤ ਉਪਰ ਚੜ੍ਹ ਗਏ। ਉਹ ਗੰਡਾਸੀਆਂ ਫੜ ਕੇ ਅੱਗੋਂ ਪੁਲੀਸ ਨੂੰ ਵੰਗਾਰਣ ਲੱਗੇ, ਜਦੋਂ ਪੁਲੀਸ ਕਰਮਚਾਰੀ ਉਨ੍ਹਾਂ ਨੂੰ ਫੜਨ ਲਈ ਪੌੜੀ ਰਾਹੀਂ ਛੱਤ ’ਤੇ ਚੜ੍ਹਨ ਲੱਗੇ ਤਾਂ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਗਿਆ। ਇਸ ਦੌਰਾਨ ਏਐੱਸਆਈ ਅਵਤਾਰ ਸਿੰਘ ਅਤੇ ਕਾਂਸਟੇਬਲ ਸੇਵਾ ਸਿੰਘ ਜ਼ਖ਼ਮੀ ਹੋ ਗਏ। ਇਸ ਦੌਰਾਨ ਹਨੇਰਾ ਹੁੰਦਾ ਵੇਖ ਕੇ ਨਸ਼ਾ ਤਸਕਰ ਨੂੰ ਬਿਨਾਂ ਗ੍ਰਿਫ਼ਤਾਰ ਕੀਤੇ ਪੁਲੀਸ ਨੂੰ ਖਾਲੀ ਹੱਥ ਮੁੜਨਾ ਪਿਆ।
ਥਾਣਾ ਕਾਦੀਆਂ ਦੇ ਮੁਖੀ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਸ਼ਿਵੰਦਰ ਸਿੰਘ ਨਸ਼ਾ ਤਸਕਰ ਹੈ, ਜਿਸ ਵਿਰੁੱਧ ਥਾਣਾ ਕਾਦੀਆਂ ਸਣੇ ਵੱਖ-ਵੱਖ ਥਾਣਿਆਂ ਵਿੱਚ 10 ਕੇਸ ਦਰਜ ਹਨ। ਪੁਲੀਸ ਅਧਿਕਾਰੀ ਨੇ ਦਾਅਵਾ ਕੀਤਾ ਕਿ ਨਸ਼ਾ ਤਸਕਰ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।