ਮੁੱਖ ਮੰਤਰੀ ਨੂੰ ਮਿਲਣ ਜਾਂਦੇ ਮੁਲਾਜ਼ਮ ਆਗੂ ਪੁਲੀਸ ਨੇ ਰਾਹ ’ਚ ਰੋਕੇ
ਮੰਡੀ ਅਹਿਮਦਗੜ੍ਹ ਅਤੇ ਅਮਰਗੜ੍ਹ ਦੇ ਤਹਿਸੀਲ ਕੰਪਲੈਕਸਾਂ ਦਾ ਉਦਘਾਟਨ ਕਰਨ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਲਈ ਪ੍ਰਸ਼ਾਸਨ ਵੱਲੋਂ ਬੁਲਾਏ ਬੇਰੁਜ਼ਗਾਰ ਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੂੰ ਪੁਲੀਸ ਨੇ ਮਾਲੇਰਕੋਟਲਾ ਪਹੁੰਚਦਿਆਂ ਹੀ ਹਿਰਾਸਤ ’ਚ ਲੈ ਕੇ ਬੱਸਾਂ ਵਿਚ ਬਿਠਾ ਲਿਆ ਅਤੇ ਮੁੱਖ ਮੰਤਰੀ ਦੇ ਸਮਾਗਮ ਸਮਾਪਤ ਹੋਣ ਮਗਰੋਂ ਉਨ੍ਹਾਂ ਨੂੰ ਛੱਡਿਆ ਗਿਆ। ਇਸ ਦੌਰਾਨ ਮਾਹੋਰਾਣਾ ਨਹਿਰੀ ਪੁਲ ’ਤੇ ਰੋਕੇ ਜਾਣ ਤੋਂ ਖਫਾ ਹੋਏ ਇੱਕ ਬੇਰੁਜ਼ਗਾਰ ਨੌਜਵਾਨ ਨੇ ਨਹਿਰ ਵਿਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਉਸ ਨੂੰ ਫੜ ਲਿਆ। ਪਿੰਡ ਤੋਲੇਵਾਲ ਦੇ ਡਰਾਈਵਿੰਗ ਸਕੂਲ ’ਚ ਬਣਾਏ ਹੈਲੀਪੈਡ ਨੇੜੇ ਮੰਗ ਪੱਤਰ ਲੈਣ ਪਹੁੰਚੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੂੰ ਜਥੇਬੰਦੀਆਂ ਦੇ ਆਗੂਆਂ ਨੇ ਮੰਗ ਪੱਤਰ ਦੇਣ ਤੋਂ ਇਨਕਾਰ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਬੇਰੰਗ ਮੋੜ ਦਿੱਤਾ।
ਇਸ ਤੋਂ ਪਹਿਲਾਂ ਪ੍ਰਸ਼ਾਸਨ ਦੇ ਸੱਦੇ ’ਤੇ ਮੁੱਖ ਮੰਤਰੀ ਨਾਲ ਮੀਟਿੰਗ ਕਰਨ ਮਾਲੇਰਕੋਟਲਾ ਪਹੁੰਚੇ ਦੋ ਦਰਜਨ ਆਗੂਆਂ ਨੂੰ ਪੁਲੀਸ ਅਧਿਕਾਰੀਆਂ ਨੇ ਦੋ ਬੱਸਾਂ ਵਿਚ ਬਿਠਾ ਕੇ ਕਈ ਘੰਟਿਆਂ ਤੱਕ ਉਥੇ ਹੀ ਰੋਕੀ ਰੱਖਿਆ। ਪੁਲੀਸ ਦੀ ਅਣਐਲਾਨੀ ਹਿਰਾਸਤ ਤੋਂ ਗੁੱਸੇ ਵਿਚ ਆਏ ਆਗੂਆਂ ਨੇ ਮਾਲੇਰਕੋਟਲਾ-ਸੰਗਰੂਰ ਹਾਈਵੇਅ ਵਿਚਾਲੇ ਨਾਅਰੇਬਾਜ਼ੀ ਕਰਦਿਆਂ ਆਵਾਜਾਈ ਠੱਪ ਕਰ ਦਿੱਤੀ। ਹਾਲਾਤ ਦੇਖਦਿਆਂ ਪੁਲੀਸ ਅਧਿਕਾਰੀ ਆਗੂਆਂ ਦੀਆਂ ਬੱਸਾਂ ਸਮੇਤ ਅਮਰਗੜ੍ਹ ਵੱਲ ਰਵਾਨਾ ਤਾਂ ਹੋਏ ਪਰ ਬੱਸਾਂ ਮਾਹੋਰਾਣਾ ਨਹਿਰ ਦੇ ਪੁਲ ’ਤੇ ਰੋਕ ਲਈਆਂ। ਨਹਿਰ ’ਤੇ ਕਾਫੀ ਸਮਾਂ ਬੱਸਾਂ ਰੋਕੇ ਜਾਣ ਤੋਂ ਖਫਾ ਹੋਏ ਇੱਕ ਬੇਰੁਜ਼ਗਾਰ ਜਸਬੀਰ ਸਿੰਘ ਜੰਡਾਲੀ ਨੇ ਨਹਿਰ ਵਿਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਮੌਕੇ ’ਤੇ ਮੌਜੂਦ ਪੁਲੀਸ ਨੇ ਰੋਕ ਲਿਆ। ਜਦੋਂ ਤੱਕ ਪ੍ਰਸ਼ਾਸਨਿਕ ਅਧਿਕਾਰੀ ਬੱਸਾਂ ਨੂੰ ਲੈ ਕੇ ਅੱਗੇ ਵਧੇ, ਉਦੋਂ ਤੱਕ ਮੁੱਖ ਮੰਤਰੀ ਦਾ ਹੈਲੀਕਾਪਟਰ ਉਡਾਨ ਭਰ ਚੁੱਕਿਆ ਸੀ।