ਪੁਲੀਸ ਵੱਲੋਂ ਅਨਮੋਲ ਬਿਸ਼ਨੋਈ ਨੂੰ ਮਾਨਸਾ ਲਿਆਉਣ ਲਈ ਚਾਰਾਜੋਈ
ਮਾਨਸਾ ਪੁਲੀਸ ਨੇ ਅਮਰੀਕਾ ਵੱਲੋਂ ਡਿਪੋਰਟ ਕੀਤੇ ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕੇਸ ਵਿੱਚ ਪੁੱਛ-ਪੜਤਾਲ ਲਈ ਮਾਨਸਾ ਲਿਆਉਣ ਦੀ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੂੰ ਫ਼ਿਲਹਾਲ ਦਿੱਲੀ ਤੋਂ...
ਮਾਨਸਾ ਪੁਲੀਸ ਨੇ ਅਮਰੀਕਾ ਵੱਲੋਂ ਡਿਪੋਰਟ ਕੀਤੇ ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕੇਸ ਵਿੱਚ ਪੁੱਛ-ਪੜਤਾਲ ਲਈ ਮਾਨਸਾ ਲਿਆਉਣ ਦੀ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੂੰ ਫ਼ਿਲਹਾਲ ਦਿੱਲੀ ਤੋਂ ਐੱਨ ਆਈ ਏ ਟੀਮ ਨੇ ਵੱਖ-ਵੱਖ ਕੇਸਾਂ ਸਬੰਧੀ ਪੜਤਾਲ ਲਈ ਰਿਮਾਂਡ ’ਤੇ ਲਿਆ ਹੈ। ਫਿਲਮ ਸਟਾਰ ਸਲਮਾਨ ਖਾਨ ਦੇ ਘਰ ’ਤੇ ਗੋਲੀਆਂ ਚਲਾਉਣ ਅਤੇ ਮੁੰਬਾਈ ਦੇ ਬਾਬਾ ਸਿੱਦੀਕੀ ਕਤਲ ਮਾਮਲੇ ਤੋਂ ਇਲਾਵਾ ਅਨਮੋਲ ਦਾ ਨਾਮ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਵੀ ਬੋਲਦਾ ਹੈ। ਇਸ ਲਈ ਮਾਨਸਾ ਪੁਲੀਸ ਨੇ ਉਸ ਨੂੰ ਇੱਥੇ ਲਿਆਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਪਰ ਇਸ ਵਿੱਚ ਕਰੀਬ ਇੱਕ ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਦੱਸਿਆ ਜਾ ਰਿਹਾ ਕਿ ਅਨਮੋਲ ਬਿਸ਼ਨੋਈ ਫ਼ਰਜ਼ੀ ਪਾਸਪੋਰਟ ਉੱਤੇ ਅਮਰੀਕਾ ਗਿਆ ਸੀ। ਪੰਜਾਬ, ਮੁੰਬਾਈ ਅਤੇ ਹੋਰ ਸੂਬਿਆਂ ਦੀ ਪੁਲੀਸ ਨੂੰ ਉਸ ਦੀ ਭਾਲ ਸੀ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਅਨਮੋਲ ਬਿਸ਼ਨੋਈ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ, ਪਰ ਡਰ ਹੈ ਕਿ ਸਰਕਾਰਾਂ ਅਤੇ ਪੁਲੀਸ ਪੁੱਛ-ਪੜਤਾਲ ਤੋਂ ਬਾਅਦ ਉਸ ’ਤੇ ਕੋਈ ਠੋਸ ਕਾਰਵਾਈ ਨਹੀਂ ਕਰਨਗੀਆਂ।
ਉਨ੍ਹਾਂ ਕਿਹਾ ਕਿ ਹਾਲੇ ਤੱਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਸਾਜ਼ਿਸ਼ ਘਾੜਿਆਂ ਨੂੰ ਫੜਨਾ ਤਾਂ ਦੂਰ ਪੁਲੀਸ ਉਨ੍ਹਾਂ ਦੀ ਪਛਾਣ ਅਤੇ ਭਾਲ ਵੀ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਜਿਹੜੇ ਗੈਂਗਸਟਰਾਂ ਦਾ ਨਾਮ ਇਸ ਵਿੱਚ ਬੋਲਦਾ ਹੈ, ਉਨ੍ਹਾਂ ਨੂੰ ਜੇਲ੍ਹਾਂ ਅਤੇ ਪੁਲੀਸ ਸੁਰੱਖਿਆ ਵਿੱਚ ‘ਮਹਿਮਾਨਾਂ’ ਵਾਂਗ ਰੱਖਿਆ ਜਾ ਰਿਹਾ ਹੈ।

