ਕਿਸਾਨਾਂ ਵੱਲੋਂ ਖੇਤਾਂ ਦੀ ਰਹਿੰਦ-ਖੂਹੰਦ ਨੂੰ ਲਗਾਈ ਅੱਗ ਬੁਝਾਉਣ ਲਈ ਪੁਲੀਸ ਖੇਤਾਂ ਵਿੱਚ ਪੁੱਜ ਗਈ ਹੈ। ਕਿਸਾਨਾਂ ’ਤੇ ਪ੍ਰਸ਼ਾਸਨ ਦੀਆਂ ਦਲੀਲਾਂ ਅਤੇ ਅਪੀਲਾਂ ਦਾ ਕੋਈ ਅਸਰ ਨਹੀਂ ਹੋ ਰਿਹਾ। ਲੰਘੇ ਤਿੰਨ ਦਿਨਾਂ ਤੋਂ ਪੂਰਾ ਖੇਤਰ ਪ੍ਰਦੂਸ਼ਣ ਦੀ ਮਾਰ ਹੇਠ ਹੈ। ਸ਼ਾਮ ਹੁੰਦਿਆਂ ਅਸਮਾਨ ਧੂਏਂ ਨਾਲ ਭਰ ਜਾਂਦਾ ਹੈ ਅਤੇ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਹੈ। ਅੱਗ ਲਾਉਣ ਪਿੱਛੇ ਜਿੱਥੇ ਕਿਸਾਨਾਂ ਦਾ ਤਰਕ ਹੈ ਕਿ ਉਨ੍ਹਾਂ ਕੋਲ ਕੋਈ ਬਦਲਵਾਂ ਪ੍ਰਬੰਧ ਨਹੀਂ ਹੈ, ਉੱਥੇ ਪ੍ਰਸ਼ਾਸਨ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਜੱਦੋ-ਜਹਿਦ ਕਰ ਰਿਹਾ ਹੈ। ਅੱਜ ਜਿਵੇਂ ਹੀ ਧਰਮਕੋਟ ਪੁਲੀਸ ਨੂੰ ਪਿੰਡ ਚੱਕ ਭੌਰਾ ਵਿਖੇ ਖੇਤਾਂ ਨੂੰ ਲੱਗੀ ਅੱਗ ਦੀ ਜਾਣਕਾਰੀ ਮਿਲੀ ਤਾਂ ਥਾਣਾ ਮੁਖੀ ਗੁਰਮੇਲ ਸਿੰਘ ਪੁਲੀਸ ਪਾਰਟੀ ਨਾਲ ਸਬੰਧਤ ਖੇਤ ਵਿੱਚ ਪੁੱਜੇ ਅਤੇ ਅੱਗ ਬੁਝਾਉਣ ਦੀ ਕਾਰਵਾਈ ਸ਼ੁਰੂ ਕੀਤੀ। ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਅੱਗ ਬੁਝਾਉਣ ਦੀ ਕਾਰਵਾਈ ਪੂਰੀ ਕੀਤੀ ਗਈ। ਥਾਣਾ ਮੁਖੀ ਨੇ ਦੱਸਿਆ ਕਿ ਉਨ੍ਹਾਂ ਦਾ ਹੁਣ ਸਾਰਾ ਦਿਨ ਹੀ ਖੇਤਾਂ ਵਿੱਚ ਗੁਜ਼ਰ ਰਿਹਾ ਹੈ। ਪ੍ਰਸ਼ਾਸਨ ਦੇ ਹੁਕਮ ਲਾਗੂ ਕਰਵਾਉਣ ਲਈ ਉਹ ਕਿਸਾਨਾਂ ਨੂੰ ਅਪੀਲਾਂ ਤਾਂ ਕਰ ਰਹੇ ਹਨ ਪ੍ਰੰਤੂ ਹਕੀਕੀ ਤੌਰ ਉੱਤੇ ਕਿਸਾਨਾਂ ਨੂੰ ਸਮਝਾਉਣਾ ਮੁਸ਼ਕਲ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮ ਵੀ ਅੱਗ ਰੋਕਣ ਦੀ ਸਰਕਾਰੀ ਮੁਹਿੰਮ ਦਾ ਹਿੱਸਾ ਬਣੇ ਹੋਏ ਹਨ ਪਰ ਉਨ੍ਹਾਂ ਦੀ ਬੇਵਸੀ ਉਨ੍ਹਾਂ ਦੇ ਚਿਹਰੇ ਸਾਫ ਬਿਆਨ ਕਰ ਰਹੇ ਹਨ।
Advertisement
ਪਿੰਡ ਚੱਕ ਭੌਰਾ ਵਿਖੇ ਖੇਤਾਂ ਨੂੰ ਲਗਾਈ ਅੱਗ ਬੁਝਾਉਂਦੇ ਹੋਏ ਧਰਮਕੋਟ ਥਾਣੇ ਦੇ ਮੁਖੀ ਗੁਰਮੇਲ ਸਿੰਘ। -ਫੋਟੋ: ਹਰਦੀਪ ਸਿੰਘ
Advertisement
Advertisement
Advertisement
×

