ਪੁਲੀਸ ਮੁਕਾਬਲਾ: ਸੀਬੀਆਈ ਤੋਂ ਜਾਂਚ ਕਰਵਾਉਣ ਵਾਲੀ ਪਟੀਸ਼ਨ ਮਨਜ਼ੂਰ
ਮੋਹਿਤ ਸਿੰਗਲਾ
ਇੱਥੋਂ ਨੇੜਲੇ ਪਿੰਡ ਮੰਡੌਰ ਵਿੱਚ ਕਥਿਤ ਪੁਲੀਸ ਮੁਕਾਬਲੇ ’ਚ ਮਾਰੇ ਗਏ 22 ਸਾਲਾ ਜਸਪ੍ਰੀਤ ਸਿੰਘ ਦੇ ਮਾਮਲੇ ’ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ ਹੋਰ ਪਟੀਸ਼ਨ ਮਨਜ਼ੂਰ ਕਰ ਲਈ ਹੈ। ਇਹ ਪਟੀਸ਼ਨ ਭਾਜਪਾ ਆਗੂ ਗੁਰਤੇਜ ਸਿੰਘ ਢਿੱਲੋਂ ਵੱਲੋਂ ਦਾਖ਼ਲ ਕੀਤੀ ਗਈ ਹੈ ਜਿਸ ਰਾਹੀਂ ਮੁਕਾਬਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਪਟੀਸ਼ਨ ਰਾਹੀਂ ਖ਼ਦਸ਼ਾ ਪ੍ਰਗਟਾਇਆ ਕਿ ਮ੍ਰਿਤਕ ਦੇ ਮਾਪਿਆਂ ’ਤੇ ਕਾਫ਼ੀ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮ੍ਰਿਤਕ ਦੇ ਮਾਪਿਆਂ ਨੇ ਪਿਛਲੀ ਸੁਣਵਾਈ ਤੋਂ ਐਨ ਇੱਕ ਦਿਨ ਪਹਿਲਾਂ ਵਕੀਲ ਬਦਲ ਲਿਆ ਜਦਕਿ ਪਟੀਸ਼ਨਰ ਨੂੰ ਡਰ ਹੈ ਕਿ ਮ੍ਰਿਤਕ ਦੇ ਮਾਪੇ ਕਿਤੇ ਇਹ ਕੇਸ ਵਾਪਸ ਨਾ ਲੈ ਲੈਣ। ਭਾਜਪਾ ਆਗੂ ਨੇ ਪਟੀਸ਼ਨ ਵਿੱਚ ਮੀਡੀਆ ਰਿਪੋਰਟਾਂ ਵੀ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਮੁਤਾਬਕ ਪੰਜਾਬ ਵਿੱਚ ਪਿਛਲੇ ਛੇ ਮਹੀਨਿਆਂ ’ਚ 20 ਐਨਕਾਊਂਟਰ ਹੋਏ ਹਨ। ਪਟੀਸ਼ਨਰ ਨੇ ਅਪੀਲ ਕੀਤੀ ਕਿ ਸੂਬੇ ਵਿੱਚ ਸੰਵਿਧਾਨਕ ਕਦਰਾਂ-ਕੀਮਤਾਂ ਦੇ ਮੱਦੇਨਜ਼ਰ ਇਸ ਮਾਮਲੇ ਦੀ ਨਿਰਪੱਖ ਪੜਤਾਲ ਲਾਜ਼ਮੀ ਹੈ।
ਜ਼ਿਕਰਯੋਗ ਹੈ ਕਿ ਨਾਭਾ ਦੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਪ੍ਰਧਾਨ ਗੁਰਤੇਜ ਸਿੰਘ ਢਿੱਲੋਂ, ਕਰਨਲ ਪੁਸ਼ਪਿੰਦਰ ਬਾਠ ਦੇ ਸਾਢੂ ਹਨ, ਜਿਨ੍ਹਾਂ ਦੀ ਪੁਲੀਸ ਵੱਲੋਂ ਕਥਿਤ ਕੁੱਟਮਾਰ ਦੀ ਪੜਤਾਲ ਵੀ ਹਾਲ ਹੀ ਵਿੱਚ ਸੀਬੀਆਈ ਨੂੰ ਦਿੱਤੀ ਗਈ ਹੈ। ਕਰਨਲ ਬਾਠ ਦੀ ਕੁੱਟਮਾਰ ਦੇ ਕੇਸ ਵਿੱਚ ਨਾਮਜ਼ਦ ਪੁਲੀਸ ਮੁਲਾਜ਼ਮਾਂ ਵਿੱਚੋਂ ਅੱਠ ਪੁਲੀਸ ਮੁਲਾਜ਼ਮ ਮੰਡੌਰ ਮੁਕਾਬਲੇ ਦਾ ਵੀ ਹਿੱਸਾ ਸਨ। ਮੰਡੌਰ ਪੁਲੀਸ ਮੁਕਾਬਲਾ ਵੀ ਉਸੇ ਰਾਤ ਦੀ ਘਟਨਾ ਹੈ, ਜਿਸ ਰਾਤ ਕਰਨਲ ਬਾਠ ਨਾਲ ਕੁੱਟਮਾਰ ਹੋਈ ਸੀ।