Police Encounter: ਅਦਾਕਾਰਾ ਤਾਨੀਆ ਦੇ ਪਿਤਾ ’ਤੇ ਗੋਲੀਆਂ ਚਲਾਉਣ ਵਾਲੇ ਮੁਕਾਬਲੇ ’ਚ ਕਾਬੂ
ਮਹਿੰਦਰ ਸਿੰਘ ਰੱਤੀਆਂ/ਹਰਦੀਪ ਸਿੰਘ
ਮੋਗਾ/ਧਰਮਕੋਟ, 6 ਜੁਲਾਈ
ਕੋਟ ਈਸੇ ਖਾਂ ਵਿੱਚ ਹਰਬੰਸ ਨਰਸਿੰਗ ਹੋਮ ਦੇ ਮਾਲਕ ਅਤੇ ਅਦਾਕਾਰਾ ਤਾਨੀਆ ਦੇ ਪਿਤਾ ਅਨਿਲ ਕੰਬੋਜ ’ਤੇ ਗੋਲੀਆਂ ਚਲਾਉਣ ਵਾਲੇ ਤਿੰਨ ਮੁਲਜ਼ਮਾਂ ਨੂੰ ਮੋਗਾ ਪੁਲੀਸ ਅਤੇ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਅਤੇ ਕਾਊਂਟਰ ਇੰਟੈਲੀਜੈਂਸ ਨਾਲ ਸਾਂਝੇ ਅਪਰੇਸ਼ਨ ਦੌਰਾਨ ਇੱਕ ਮੁਕਾਬਲੇ ਮਗਰੋਂ ਗ੍ਰਿਫ਼ਤਾਰ ਕੀਤਾ ਹੈ। ਮੁਕਾਬਲੇ ਵਿੱਚ ਤਿੰਨੇ ਮੁਲਜ਼ਮ ਜ਼ਖ਼ਮੀ ਹੋ ਹਨ ਅਤੇ ਉਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮੁਲਜਮਾਂ ਖ਼ਿਲਾਫ਼ ਥਾਣਾ ਫਤਿਹਗੜ੍ਹ ਪੰਜਤੂਰ ਵਿੱਚ ਪੁਲੀਸ ’ਤੇ ਜਾਨਲੇਵਾ ਹਮਲੇ ਦੀ ਨਵੀਂ ਐੱਫਆਈਆਰ ਦਰਜ ਕੀਤੀ ਗਈ ਹੈ।
ਵੇਰਵਿਆਂ ਅਨੁਸਾਰ ਸਥਾਨਕ ਸੀਆਈਏ ਸਟਾਫ਼ ਪੁਲੀਸ ਅਤੇ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਅਤੇ ਕਾਊਂਟਰ ਇੰਟੈਲੀਜੈਂਸ ਨਾਲ ਸਾਂਝੇ ਅਪਰੇਸ਼ਨ ਦੌਰਾਨ ਕੈਨੇਡਾ-ਆਧਾਰਿਤ ਗੈਂਗਸਟਰ ਲਖਵੀਰ ਸਿੰਘ ਉਰਫ ਲੰਡਾ ਹਰੀਕੇ ਵੱਲੋਂ ਇਹ ਟਾਰਗੇਟ ਕਿਲਿੰਗ ਦੀ ਸਾਜ਼ਿਸ ਰਚੀ ਗਈ ਸੀ ਜਿਸ ਨੂੰ ਪੁਲੀਸ ਨੇ ਨਾਕਾਮ ਕਰਕੇ ਅਤੇ ਤਿੰਨ ਮੁੱਖ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ।
ਮੁਲਜ਼ਮਾਂ ਦੀ ਪਛਾਣ ਗੁਰਲਾਲ ਸਿੰਘ ਉਰਫ ਗੋਲਾ ਅਤੇ ਖੁਸ਼ਪ੍ਰੀਤ ਸਿੰਘ ਉਰਫ ਖੁਸ਼ ਵਾਸੀ ਗਾਰਡਨ ਕਲੋਨੀ ਪੱਟੀ ਅਤੇ ਗੁਰਮਨਦੀਪ ਸਿੰਘ ਉਰਫ ਫ਼ੌਜੀ ਵਾਸੀ ਤਲਵੰਡੀ ਸੋਭਾ ਸਿੰਘ ਤਰਨਤਾਰਨ ਵਜੋਂ ਹੋਈ ਹੈ। ਪੁਲੀਸ ਮੁਤਾਬਕ ਮੁਲਜ਼ਮ ਗੁਰਮਨਦੀਪ ਸਿੰਘ ਭਾਰਤੀ ਫ਼ੌਜ ਦਾ ਜਵਾਨ ਹੈ ਅਤੇ ਉਸ ਨੇ ਹੀ ਡਾਕਟਰ ਅਨਿਲ ਕੰਬੋਜ ਨੂੰ ਗੋਲੀ ਮਾਰੀ ਸੀ ਅਤੇ ਕਲੀਨਿਕ ਵਿੱਚ ਉਸ ਨਾਲ ਮੁਲਜ਼ਮ ਖ਼ੁਸ਼ਪ੍ਰੀਤ ਸਿੰਘ ਉਰਫ ਖੁਸ਼ ਸੀ ਅਤੇ ਤੀਜੇ ਮੁਲਜ਼ਮ ਗੁਰਲਾਲ ਸਿੰਘ ਉਰਫ ਗੋਲਾ ਨੇ ਦੋਵਾਂ ਮੁਲਜ਼ਮਾਂ ਨੂੰ ਲਿਆਉਣ ਤੇ ਛੱਡਣ ਦਾ ਪ੍ਰਬੰਧ ਕੀਤਾ ਸੀ।
ਪੁਲੀਸ ਮੁਤਾਬਕ ਡਾ. ਕੰਬੋਜ ਨੂੰ ਜਾਨੋਂ ਮਾਰਨ ਲਈ ਮੁਲਜ਼ਮ ਕੈਨੇਡਾ ਆਧਾਰਿਤ ਗੈਂਗਸਟਰ ਲਖਵੀਰ ਸਿੰਘ ਉਰਫ ਲੰਡਾ ਹਰੀਕੇ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਹੇ ਸਨ ਅਤੇ ਉਸ ਵੱਲੋਂ ਫ਼ਿਰੌਤੀ ਲਈ ਸਾਜਿਸ਼ ਰਚੀ ਗਈ ਸੀ। ਥਾਣਾ ਫ਼ਤਿਗੜ੍ਹ ਪੰਜਤੂਰ ਅਧੀਨ ਖੇਤਰ ’ਚ ਮੁਕਾਬਲੇ ਦੌਰਾਨ ਪੁਲੀਸ ਅਤੇ ਮੁਲਜ਼ਮਾਂ ਵਿਚਾਲੇ ਗੋਲੀਬਾਰੀ ਹੋਈ, ਜਿਸ ਵਿੱਚ ਮੁਲਜ਼ਮਾਂ ਦੀਆਂ ਲੱਤਾਂ ’ਚ ਗੋਲੀਆਂ ਲੱਗੀਆਂ। ਉਨ੍ਹਾਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।
ਪੁਲੀਸ ਨੇ ਦਾਅਵਾ ਕੀਤਾ ਕਿ ਖੁਫੀਆ ਅਤੇ ਤਕਨੀਕੀ ਜਾਣਕਾਰੀ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਮੁਲਜ਼ਮਾਂ ਤੋਂ 2 ਪਿਸਤੌਲ (.30 ਬੋਰ) ਸਮੇਤ 10 ਕਾਰਤੂਸ, 1 ਪਿਸਤੌਲ (.32 ਬੋਰ) ਸਣੇ 3 ਕਾਰਤੂਸ ਅਤੇ 1 ਕਾਰ ਬਰਾਮਦ ਕੀਤੀ ਹੈ।
ਦੱਸਣਯੋਗ ਹੈ ਕਿ ਡਾ. ਅਨਿਲ ਕੰਬੋਜ ’ਤੇ ਗੋਲੀਆਂ ਚਲਾਉਣ ਵਾਲੇ ਹਮਲਾਵਰ ਇਲਾਜ ਕਰਵਾਉਣ ਦੇ ਬਹਾਨੇ ਕਲੀਨਿਕ ਵਿੱਚ ਦਾਖਲ ਹੋਏ ਸਨ। ਇੱਕ ਮੁਲਜ਼ਮ ਡਾਕਟਰ ਨਾਲ ਗੱਲਬਾਤ ਕਰ ਰਿਹਾ ਸੀ, ਜਦ ਕਿ ਇਸ ਦੌਰਾਨ ਦੂਜੇ ਮੁਲਜ਼ਮ ਨੇ ਡਾਕਟਰ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਫ਼ਰਾਰ ਹੋ ਗਏ ਸਨ।