ਕਿਸਾਨ ਮਜ਼ਦੂਰ ਜਥੇਬੰਦੀ ਦੇ ਦੋ ਆਗੂ ਪੁਲੀਸ ਨੇ ਹਿਰਾਸਤ ਵਿੱਚ ਲਏ
ਕਿਸਾਨ ਮਜ਼ਦੂਰ ਮੋਰਚੇ ਵੱਲੋਂ ਅੱਜ ਰੇਲਾਂ ਰੋਕਣ ਦਾ ਦਿੱਤਾ ਗਿਆ ਸੀ ਸੱਦਾ
ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੇ ਜ਼ਿਲ੍ਹਾ ਜਨਰਲ ਸਕੱਤਰ ਜਸਦੇਵ ਸਿੰਘ ਲਲਤੋਂ ਨੂੰ ਪੁਲੀਸ ਮੁਲਾਜ਼ਮਾਂ ਨੇ ਅੱਜ ਤੜਕ ਸਾਰ ਕਰੀਬ 4 ਵਜੇ ਘਰ ਤੋਂ ਹਿਰਾਸਤ ਵਿੱਚ ਲੈ ਕੇ ਲਲਤੋਂ ਕਲਾਂ ਪੁਲੀਸ ਚੌਂਕੀ ਵਿੱਚ ਬੰਦ ਕਰ ਦਿੱਤਾ। ਹਿਰਾਸਤ ਵਿੱਚ ਲਏ ਕਿਸਾਨ ਆਗੂ ਨੇ ਪੁਲੀਸ ਹਿਰਾਸਤ ਵਿੱਚੋਂ ਹੀ ਆਪਣੀ ਇਕ ਰਿਕਾਰਡਿੰਗ ਪੱਤਰਕਾਰਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੂੰ ਵੱਟਸਐਪ ਰਾਹੀਂ ਭੇਜ ਕੇ ਇਹ ਸੂਚਨਾ ਸਾਂਝੀ ਕੀਤੀ ਹੈ।
ਉੱਧਰ ਇਸੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਕਲਾਂ ਨੂੰ ਭੂੰਦੜੀ ਪੁਲੀਸ ਚੌਕੀ ਦੀ ਪੁਲੀਸ ਨੇ ਹਿਰਾਸਤ ਵਿੱਚ ਲੈ ਕੇ ਭੂੰਦੜੀ ਪੁਲੀਸ ਚੌਕੀ ਵਿੱਚ ਬੰਦ ਕਰ ਦਿੱਤਾ ਹੈ। ਕਾਬਲੇ-ਗ਼ੌਰ ਹੈ ਕਿ ਇਹ ਜਥੇਬੰਦੀ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਾਲੇ ਕਿਸਾਨ ਮਜ਼ਦੂਰ ਮੋਰਚੇ ਦਾ ਹਿੱਸਾ ਹੈ ਅਤੇ ਕਿਸਾਨ-ਮਜ਼ਦੂਰ ਮੋਰਚੇ ਦੇ ਆਗੂਆਂ ਨੇ ਬਿਜਲੀ ਕਾਨੂੰਨ 2025 ਸੰਸਦ ਵਿੱਚ ਲਿਆਂਦੇ ਜਾਣ ਵਿਰੁੱਧ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 1 ਤੋਂ 3 ਵਜੇ ਤੱਕ ਰੇਲਾਂ ਰੋਕਣ ਦਾ ਐਲਾਨ ਕੀਤਾ ਸੀ।
ਕਿਸਾਨ ਮਜ਼ਦੂਰ ਮੋਰਚੇ ਵਲੋਂ ਅੱਜ ਦੋ ਘੰਟੇ ਲਈ ਰੇਲਾਂ ਰੋਕਣ ਦੇ ਦਿੱਤੇ ਸੱਦੇ ਨੂੰ ਨਾਕਾਮ ਕਰਨ ਲਈ ਪੁਲੀਸ ਨੇ ਸਵਖਤੇ ਹੀ ਕਿਸਾਨ ਮਜ਼ਦੂਰ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ। ਇਸ ਦੌਰਾਨ ਜਿਹੜੇ ਆਗੂ ਘਰਾਂ ਵਿੱਚ ਮਿਲੇ ਪੁਲੀਸ ਉਨ੍ਹਾਂ ਨੂੰ ਨਾਲ ਥਾਣੇ ਤੇ ਪੁਲੀਸ ਚੌਕੀਆਂ ਵਿੱਚ ਲੈ ਗਈ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਨੇ ਇਸ ਪ੍ਰੋਗਰਾਮ ਦੀ ਹਮਾਇਤ ਦਾ ਐਲਾਨ ਤੇ ਸ਼ਮੂਲੀਅਤ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਕਿ ਜਥੇਬੰਦੀ ਦੇ ਆਗੂ ਅੱਜ ਘਰਾਂ ਵਿੱਚੋਂ ਨਿੱਕਲਦੇ ਪ੍ਰੋਗਰਾਮ ਨੂੰ ਅਮਲ ਵਿੱਚ ਲਿਆਉਣ ਲਈ ਪੁਲੀਸ ਨੇ ਪਹਿਲਾਂ ਹੀ ਘਰਾਂ ਵਿੱਚ ਛਾਪੇ ਮਾਰ ਕੇ ਕੁਝ ਨੂੰ ਹਿਰਾਸਤ ਵਿੱਚ ਲੈ ਲਿਆ। ਜਥੇਬੰਦੀ ਦੇ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਦੱਸਿਆ ਕਿ ਪੁਲੀਸ ਉਨ੍ਹਾਂ ਦੇ ਘਰ ਸਵੇਰੇ ਸਾਢੇ ਚਾਰ ਵਜੇ ਆਈ ਅਤੇ ਲਲਤੋਂ ਪੁਲੀਸ ਚੌਕੀ ਫੜ ਕੇ ਲੈ ਗਈ। ਇਸੇ ਤਰ੍ਹਾਂ ਉਨ੍ਹਾਂ ਦੀ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਨੂੰ ਪਿੰਡ ਤਲਵੰਡੀ ਕਲਾਂ ਪਿੰਡ ਤੋਂ ਭੂੰਦੜੀ ਚੌਕੀ ਦੀ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਸਕੱਤਰ ਲਲਤੋਂ ਨੇ ਕਿਹਾ ਕਿ ਇਸ ਤਰ੍ਹਾਂ ਭਗਵੰਤ ਮਾਨ ਸਰਕਾਰ ਕਿਸਾਨਾਂ ਤੇ ਮਜ਼ਦੂਰਾਂ ਦੀ ਆਵਾਜ਼ ਦਬਾ ਨਹੀਂ ਸਕਦੀ।

