ਪੁਲੀਸ ਨੇ ਤਿੰਨ ਔਰਤਾਂ ਸਣੇ ਦਸ ਕਿਸਾਨ ਹਿਰਾਸਤ ’ਚ ਲਏ
ਕਿਸਾਨਾਂ ਨੇ ਕੀਤਾ ਸੀ ਕੌਮੀ ਹਾੲੀਵੇਅ ਦੀ ੳੁਸਾਰੀ ਦੇ ਵਿਰੋਧ ਦਾ ਐਲਾਨ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਭਾਰਤ ਮਾਲਾ ਪ੍ਰਾਜੈਕਟ ਤਹਿਤ ਕੌਮੀ ਹਾਈਵੇਅ ’ਤੇ ਅੱਜ ਕੀਤੇ ਜਾਣ ਵਾਲੇ ਵੱਡੇ ਐਕਸ਼ਨ ਦੇ ਮੱਦੇਨਜ਼ਰ ਪੁਲੀਸ ਨੇ ਤੜਕੇ ਤਹਿਸੀਲ ਸ਼ਾਹਕੋਟ ਦੇ ਕਿਸਾਨ ਆਗੂਆਂ ਤੇ ਕਿਸਾਨਾਂ ਦੇ ਘਰਾਂ ਵਿੱਚ ਛਾਪੇ ਮਾਰੇ। ਇਸ ਦੌਰਾਨ ਕੋਈ ਵੀ ਕਿਸਾਨ ਆਗੂ ਪੁਲੀਸ ਦੇ ਹੱਥ ਨਹੀਂ ਆਇਆ। ਪੁਲੀਸ ਨੇ ਤਿੰਨ ਔਰਤਾਂ ਸਣੇ 10 ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਕਰੀਬ 300 ਤੋਂ ਵੱਧ ਪੁਲੀਸ ਅਧਿਕਾਰੀ ਤੇ ਮੁਲਾਜ਼ਮ ਤੜਕੇ ਸ਼ਾਹਕੋਟ ਪਹੁੰਚ ਗਏ। ਪੁਲੀਸ ਨੇ ਕਿਸਾਨ ਕਿਸ਼ਨ ਦੇਵ ਦੇ ਘਰੋਂ ਆਸ਼ਾ ਰਾਣੀ, ਕਰਮਜੀਤ ਅਤੇ ਉਨ੍ਹਾਂ ਦੀ ਰਿਸ਼ਤੇਦਾਰ ਸੁਮਨ ਮਹਿਤਪੁਰ ਨੂੰ ਹਿਰਾਸਤ ਵਿੱਚ ਲੈ ਲਿਆ। ਇਸੇ ਤਰ੍ਹਾਂ ਪਿੱਪਲੀ ਦੇ ਜਗਤਾਰ ਸਿੰਘ ਤੇ ਮਹਿੰਦਰ ਸਿੰਘ, ਰਾਜੇਵਾਲ ਦੇ ਵਿਜੇ ਘਾਰੂ ਤੇ ਮਹਿੰਦਰ ਸਿੰਘ, ਤਲਵੰਡੀ ਸੰਘੇੜਾ ਦੇ ਰਾਮ ਸਿੰਘ ਤੇ ਸਾਜਨ ਕੁਮਾਰ ਨੂੰ ਹਿਰਾਸਤ ’ਚ ਲੈ ਕੇ ਥਾਣਾ ਸ਼ਾਹਕੋਟ ’ਚ ਬੰਦ ਕਰ ਦਿੱਤਾ। ਇਨ੍ਹਾਂ ਨੂੰ ਦੇਰ ਸ਼ਾਮ ਰਿਹਾਅ ਕਰ ਦਿੱਤਾ ਗਿਆ।
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾਈ ਆਗੂ ਸਲਵਿੰਦਰ ਸਿੰਘ ਜਾਣੀਆਂ ਤੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਰੇੜ੍ਹਵਾਂ ਨੇ ਦੱਸਿਆ ਕਿ ਭਾਰਤ ਮਾਲਾ ਪ੍ਰਾਜੈਕਟ ਤਹਿਤ ਅੰਮ੍ਰਿਤਸਰ ਤੋਂ ਜਾਮਨਗਰ ਤੱਕ ਬਣ ਰਹੇ ਕੌਮੀ ਹਾਈਵੇਅ ਵਿਚਕਾਰ ਮਿਆਣੀ ਦੇ ਕਿਸਾਨ ਕਿਸ਼ਨ ਦੇਵ ਦਾ ਘਰ ਅਤੇ ਜ਼ਮੀਨ ਆ ਰਹੀ ਸੀ। ਪ੍ਰਸ਼ਾਸਨ ਨੇ ਧੱਕੇ ਨਾਲ ਕਿਸਾਨ ਦਾ ਘਰ ਢਾਹ ਕੇ ਉਸ ਦਾ ਸਾਰਾ ਸਾਮਾਨ ਮਲਬੇ ਹੇਠ ਦੱਬ ਦਿੱਤਾ ਸੀ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਉਨ੍ਹਾਂ ਦੀ ਜਥੇਬੰਦੀ ਨਾਲ ਲਿਖਤੀ ਵਾਅਦਾ ਕੀਤਾ ਸੀ ਕਿ ਕਿਸਾਨ ਨੂੰ ਘਰ ਬਣਾਉਣ ਲਈ ਸਾਰੀ ਸਮੱਗਰੀ ਦਿੱਤੀ ਜਾਵੇਗੀ ਤੇ ਪਾਣੀ ਵਾਲੀ ਮੋਟਰ ਲਗਵਾ ਕੇ ਦਿੱਤੀ ਜਾਵੇਗੀ। ਪ੍ਰਸ਼ਾਸਨ ਨੇ ਜਦੋਂ ਆਪਣਾ ਵਾਅਦਾ ਪੂਰਾ ਨਾ ਕੀਤਾ ਤਾਂ ਜਥੇਬੰਦੀ ਨੇ ਅੱਜ ਦੱਬਿਆ ਹੋਇਆ ਸਾਮਾਨ ਕੱਢਣ ਦਾ ਐਲਾਨ ਕੀਤਾ ਸੀ। ਇਸੇ ਕਾਰਨ ਸ਼ਾਹਕੋਟ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਕੇ ਘਰਾਂ ’ਚ ਛਾਪੇ ਮਾਰੇ ਗਏ।
ਇਸ ਦੇ ਵਿਰੋਧ ’ਚ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਪਿੰਡ ਜਾਣੀਆਂ ਵਿੱਚ ਇਕੱਠ ਕੀਤਾ। ਇੱਥੇ ਸਿਵਲ ਤੇ ਪੁਲੀਸ ਅਧਿਕਾਰੀਆਂ ਨਾਲ ਗੱਲਬਾਤ ’ਚ ਕਿਸਾਨ ਜਥੇਬੰਦੀ ਦੀ 27 ਨਵੰਬਰ ਨੂੰ ਪ੍ਰਸ਼ਾਸਨ ਨਾਲ ਮੀਟਿੰਗ ਤੈਅ ਹੋਈ। ਕਿਸਾਨ ਆਗੂਆਂ ਨੇ ਰੈਲੀ ਕਰ ਕੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦੇ ਪੁਤਲੇ ਫੂਕੇ।

