ਘਰ ਦੀ ਕੁਰਕੀ ਰੁਕਵਾਉਣ ਗਏ ਉਗਰਾਹਾਂ ਆਗੂ ਨੂੰ ਪੁਲੀਸ ਨੇ ਥਾਣੇ ਡੱਕਿਆ ਥਾਣੇ
ਜਥੇਬੰਦੀ ਵੱਲੋਂ ਥਾਣੇ ਦਾ ਘਿਰਾਓ; ਕਿਸਾਨ ਆਗੂ ਦੀ ਬਿਨਾਂ ਸ਼ਰਤ ਰਿਹਾਈ ਉਪਰੰਤ ਧਰਨਾ ਸਮਾਪਤ
ਪਿੰਡ ਸੰਘੇੜਾ ਵਿਚ ਇੱਕ ਪਛੜੇ ਵਰਗ ਨਾਲ ਸਬੰਧਤ ਪਰਿਵਾਰ ਦੇ ਘਰ ਦੀ ਕੁਰਕੀ ਰੁਕਵਾਉਣ ਪੁੱਜੇ ਬੀਕੇਯੂ ਉਗਰਾਹਾਂ ਦੇ ਸਥਾਨਕ ਆਗੂ ਰਾਮ ਸਿੰਘ ਸੰਘੇੜਾ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਕੇ ਥਾਣੇ ਬੰਦ ਕਰ ਦਿੱਤਾ। ਇਸ ਦੀ ਸੂਚਨਾ ਮਿਲਦੇ ਹੀ ਜਥੇਬੰਦੀ ਦੀ ਜ਼ਿਲ੍ਹਾ ਟੀਮ ਦੀ ਅਗਵਾਈ ਹੇਠ ਕਿਸਾਨਾਂ ਨੇ ਥਾਣਾ ਸਿਟੀ-1 ਦਾ ਘਿਰਾਓ ਕਰਕੇ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਆਰੰਭ ਦਿੱਤੀ। ਅਖੀਰ ਪੁਲੀਸ ਨੇ ਹਿਰਾਸਤੀ ਆਗੂ ਰਾਮ ਸਿੰਘ ਸੰਘੇੜਾ ਨੂੰ ਬਿਨਾਂ ਸ਼ਰਤ ਰਿਹਾਅ ਕਰ ਦਿੱਤਾ। ਘਿਰਾਓ 'ਚ ਸ਼ਾਮਲ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਜਨਰਲ ਸਕੱਤਰ ਜਰਨੈਲ ਸਿੰਘ ਬਦਰਾ, ਬਲਾਕ ਬਰਨਾਲਾ ਪ੍ਰਧਾਨ ਬਲੌਰ ਸਿੰਘ ਛੰਨਾਂ, ਜਰਨੈਲ ਸਿੰਘ ਜਵੰਧਾ ਪਿੰਡੀ ਤੇ ਕੁਲਜੀਤ ਸਿੰਘ ਵਜੀਦਕੇ ਨੇ ਕਿਹਾ ਕਿ ਸੰਘੇੜਾ ਵਾਸੀ ਤੇਜਾ ਸਿੰਘ ਪੁੱਤਰ ਰਾਮ ਸਿੰਘ ਪਰਜਾਪਤ ਨੇ ਇੱਕ ਨਿੱਜੀ ਫਾਇਨਾਂਸ ਕੰਪਨੀ ਤੋਂ 10 ਲੱਖ ਕਰਜ਼ਾ ਲਿਆ ਸੀ ਜਿਸ ਦੀਆਂ 23 ਕਿਸ਼ਤਾਂ ਤਾਰੀਆਂ ਵੀ ਜਾ ਚੁੱਕੀਆਂ ਹਨ ਤੇ ਪਿੱਛੋਂ ਕਰੋਨਾ ਕਾਲ ਸਮੇਂ ਇਸ ਗ਼ਰੀਬ ਦਾ ਧੰਦਾ ਚੌਪਟ ਹੋ ਗਿਆ। ਉਨ੍ਹਾਂ ਕਿਹਾ ਕਿ ਬਾਵਜੂਦ ਤੰਗੀ ਦੇ ਕਰਜ਼ਾ ਮੋੜਨ ਦੇ ਮੰਤਵ ਨਾਲ ਤੇਜਾ ਸਿੰਘ ਨੇ ਮਾਨਸਾ ਜ਼ਿਲ੍ਹੇ ਨਾਲ ਸਬੰਧਿਤ ਇੱਕ ਫਰਮ ਤੋਂ ਹੋਰ ਕਰਜ਼ੇ ਦਾ ਬੰਦੋਬਸਤ ਕਰਦਿਆਂ ਇੱਕ ਟਰੈਕਟਰ ਖਰੀਦਣਾ ਚਾਹਿਆ। ਉਸ ਸੌਦੇ ਵਿੱਚ ਵੀ ਪੀੜਤ ਕਥਿਤ ਠੱਗੀ ਦਾ ਸ਼ਿਕਾਰ ਹੋ ਗਿਆ ਨਾ ਉਸ ਨੂੰ ਕੰਮ ਲਈ ਟਰੈਕਟਰ ਮਿਲਿਆ ਨਾ ਪੈਸਾ। ਅਜਿਹੇ ਹਾਲਾਤ ਦੇ ਚਲਦਿਆਂ ਉਸ ਨਾਲ ਨਰਮ ਗੋਸ਼ਾ ਵਿਹਾਰ ਅਪਨਾਉਣ ਦੀ ਬਜਾਇ ਉਸਦੇ ਘਰ ਦੀ ਕੁਰਕੀ ਕੀਤੀ ਗਈ। ਆਗੂਆਂ ਕਿਹਾ ਕਿ ਵੱਡੇ ਕਾਰਪੋਰੇਟ ਘਰਾਣਿਆਂ ਵੱਲੋਂ ਦੱਬੇ ਲੱਖਾਂ ਕਰੋੜ ਸਰਕਾਰਾਂ ਵੱਲੋਂ ਵੱਟੇ ਖਾਤੇ ਪਾੜ ਦਿੱਤੇ ਜਾਂਦੇ ਹਨ ਪਰ ਗ਼ਰੀਬ ਦੀ ਛੱਤ ਵੀ ਖੋਹ ਲਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਫ਼ੈਸਲੇ ਕਿ ਕਿਸੇ ਕਿਸਾਨ ਮਜ਼ਦੂਰ ਦੇ ਘਰ ਦੀ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ ਅਨੁਸਾਰ ਤੇਜਾ ਸਿੰਘ ਦੇ ਘਰ ਦੀ ਕੁਰਕੀ ਦਾ ਵਿਰੋਧ ਜਥੇਬੰਦੀ ਡਟ ਕੇ ਕਰੇਗੀ।
ਬੁਲਾਰਿਆਂ ਕਿਹਾ ਕਿ ਅੱਜ ਸੁਵਖਤੇ ਕਰੀਬ 6ਵਜੇ ਹੀ ਵਿੱਤੀ ਕੰਪਨੀ ਅਧਿਕਾਰੀ ਪ੍ਰਸ਼ਾਸਨ ਦੀ ਮਦਦ ਨਾਲ ਕੁਰਕੀ ਲਈ ਪੁੱਜੇ ਸਨ। ਜਿਸ ਦੀ ਸੂਚਨਾ ਮਿਲਦੇ ਹੀ ਪਿੰਡ ਇਕਾਈ ਪ੍ਰਧਾਨ ਰਾਮ ਸਿੰਘ ਸੰਘੇੜਾ ਸਾਥੀਆਂ ਸਮੇਤ ਵਿਰੋਧ ਲਈ ਪੁੱਜ ਗਏ। ਜਿਨ੍ਹਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈਣ ਉਪਰੰਤ ਥਾਣਾ ਸਿਟੀ -1ਵਿਖੇ ਬੰਦ ਕਰ ਦਿੱਤਾ ਸੀ। ਸਿੱਟੇ ਵਜੋਂ ਥਾਣੇ ਦਾ ਘਿਰਾਓ ਕਰਕੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਅਖੀਰ ਕਿਸਾਨ ਆਗੂ ਰਾਮ ਸਿੰਘ ਸੰਘੇੜਾ, ਦਰਸ਼ਨ ਸਿੰਘ ਤੇ ਪੀੜਤ ਪਰਿਵਾਰ ਦੇ ਤੇਜਾ ਸਿੰਘ ਤੇ ਸੋਨੀ ਸਿੰਘ ਸੰਘੇੜਾ ਨੂੰ ਬਿਨਾਂ ਸ਼ਰਤ ਰਿਹਾਅ ਕੀਤੇ ਜਾਣ ਉਪਰੰਤ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ।
ਇਸ ਮੌਕੇ ਨਰਿੱਪਜੀਤ ਸਿੰਘ ਬਡਬਰ, ਮਾਨ ਸਿੰਘ ਗੁਰਮ, ਨਾਜ਼ਰ ਸਿੰਘ ਠੁੱਲੀਵਾਲ, ਗੁਰਚਰਨ ਸਿੰਘ ਭਦੌੜ, ਦਰਸ਼ਨ ਸਿੰਘ ਚੀਮਾ, ਹਰਵਿੰਦਰ ਸਿੰਘ ਦੀਵਾਨਾ, ਔਰਤ ਆਗੂ ਬਿੰਦਰ ਪਾਲ ਕੌਰ ਭਦੌੜ, ਸੰਦੀਪ ਕੌਰ, ਸਰਬਜੀਤ ਕੌਰ, ਸੁਖਵਿੰਦਰ ਕੌਰ, ਨਸੀਬ ਕੌਰ, ਗੁਰਮੇਲ ਕੌਰ, ਪਰਮਜੀਤ ਕੌਰ ਤੇ ਤੇਜ਼ ਕੌਰ ਆਦਿ ਹਾਜ਼ਰ ਸਨ।