ਵਿਸ਼ਵ ਪੱਧਰੀ ਗੁਣਵੱਤਾ ਮਿਆਰ ਨੂੰ ਅਪਣਾਉਣ ਫਾਰਮਾ ਕੰਪਨੀਆਂ: ਯਾਦਵ
ਪੀ ਐੱਚ ਡੀ ਸੀ ਸੀ ਆਈ ਨੇ ਕਰਵਾਇਆ ਕੌਮੀ ਸੰਮੇਲਨ; ਫਾਰਮਾਸਿਊਟੀਕਲ ਗੁਣਵੱਤਾ ਵਧਾੳੁਣ ’ਤੇ ਜ਼ੋਰ
ਭਾਰਤ ਸਰਕਾਰ ਦੇ ਰਸਾਇਣ ਅਤੇ ਖਾਦ ਮੰਤਰਾਲੇ ਦੇ ਫਾਰਮਾਸਿਊਟੀਕਲ ਵਿਭਾਗ ਦੇ ਸਹਿਯੋਗ ਨਾਲ ਪੀ ਐੱਚ ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੀ ਹੈਲਥ ਕਮੇਟੀ ਅਤੇ ਚੰਡੀਗੜ੍ਹ ਚੈਪਟਰ ਨੇ ਸਿਟੀ ਬਿਊਟੀਫੁੱਲ ਵਿੱਚ ਗੁੱਡ ਮੈਨੂਫੈਕਚਰਿੰਗ ਪ੍ਰੈਕਟਿਸ ਅਭਿਆਸ ਰਾਹੀਂ ਫਾਰਮਾਸਿਊਟੀਕਲ ਗੁਣਵੱਤਾ ਭਰੋਸਾ ਵਧਾਉਣ ’ਤੇ ਕੌਮੀ ਸੰਮੇਲਨ ਅਤੇ ਫਾਰਮਾਸਿਊਟੀਕਲ ਤਕਨਾਲੋਜੀ ਅਪਗ੍ਰੇਡੇਸ਼ਨ ਸਹਾਇਤਾ ਯੋਜਨਾ (ਆਰ ਪੀ ਟੀ ਯੂ ਏ ਐੱਸ) ’ਤੇ ਵਿਸ਼ੇਸ਼ ਸੈਸ਼ਨ ਕਰਵਾਇਆ।
ਸਵਾਗਤੀ ਭਾਸ਼ਣ ਵਿੱਚ ਪੀ ਐੱਚ ਡੀ ਸੀ ਸੀ ਆਈ ਦੀ ਖੇਤਰੀ ਫਾਰਮਾਸਿਊਟੀਕਲ, ਸਿਹਤ ਅਤੇ ਤੰਦਰੁਸਤੀ ਕਮੇਟੀ ਦੇ ਕਨਵੀਨਰ ਸੁਪ੍ਰੀਤ ਸਿੰਘ ਨੇ ਉਦਯੋਗ ਅਤੇ ਰੈਗੂਲੇਟਰੀ ਸੰਸਥਾਵਾਂ ਵਿਚਕਾਰ ਪਾਲਣਾ ਅਤੇ ਸਹਿਯੋਗ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਪੰਜਾਬ ਦੇ ਸਹਾਇਕ ਡਰੱਗ ਕਮਿਸ਼ਨਰ ਅਮਿਤ ਦੁੱਗਲ ਨੇ ਰਾਜ ਦੁਆਰਾ ਰੈਗੂਲੇਟਰੀ ਨਿਗਰਾਨੀ ਨੂੰ ਵਧਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਦੱਸਿਆ। ਭਾਰਤ ਸਰਕਾਰ ਦੇ ਫਾਰਮਾਸਿਊਟੀਕਲ ਵਿਭਾਗ ਦੇ ਅੰਡਰ ਸੈਕਟਰੀ ਧਰਮਿੰਦਰ ਕੁਮਾਰ ਯਾਦਵ ਨੇ ਭਾਰਤੀ ਫਾਰਮਾ ਨਿਰਮਾਤਾਵਾਂ ਨੂੰ ਵਿਸ਼ਵ ਪੱਧਰੀ ਗੁਣਵੱਤਾ ਦੇ ਮਿਆਰ ਅਪਣਾਉਣ ’ਤੇ ਜ਼ੋਰ ਦਿੱਤਾ। ਆਈ ਪੀ ਏ ਪੰਜਾਬ ਦੇ ਪ੍ਰਧਾਨ ਡਾ. ਭੁਪਿੰਦਰ ਸਿੰਘ ਭੂਪ ਨੇ ਜੀ ਐੱਮ ਪੀ ਮਿਆਰਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਅਕਾਦਮਿਕ ਅਤੇ ਉਦਯੋਗ ਜਗਤ ਵਿਚਕਾਰ ਭਾਈਵਾਲੀ ਬਾਰੇ ਚਰਚਾ ਕੀਤੀ। ਸਿਡਬੀ ਦੇ ਮੈਨੇਜਰ ਯਸ਼ਵੰਤ ਸ਼ਿੰਦੇ ਨੇ ਆਰ ਪੀ ਟੀ ਯੂ ਏ ਐੱਸ ਸਕੀਮ ਬਾਰੇ ਪੇਸ਼ਕਾਰੀ ਦਿੱਤੀ।
ਪੀ ਐੱਚ ਡੀ ਸੀ ਸੀ ਆਈ ਦੀ ਸੀਨੀਅਰ ਖੇਤਰੀ ਨਿਰਦੇਸ਼ਕ ਭਾਰਤੀ ਸੂਦ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਤਕਨੀਕੀ ਸੈਸ਼ਨ ਦੀ ਪ੍ਰਧਾਨਗੀ ਨਾਈਪਰ ਮੁਹਾਲੀ ਦੇ ਸਾਬਕਾ ਡੀਨ ਅਤੇ ਵਿਭਾਗ ਮੁਖੀ ਡਾ. ਸਰਨਜੀਤ ਸਿੰਘ ਨੇ ਕੀਤੀ। ਹਰਿਆਣਾ ਦੇ ਸਟੇਟ ਡਰੱਗ ਕੰਟਰੋਲਰ ਲਲਿਤ ਗੋਇਲ ਤੋਂ ਇਲਾਵਾ ਪੈਨਲ ਚਰਚਾ ਵਿੱਚ ਡਾਇਰੈਕਟਰ ਹਾਰੋਮ ਇੰਡੀਆ ਪ੍ਰਾਈਵੇਟ ਲਿਮਟਿਡ ਸੁਨੀਲ ਵਰਮਾ, ਪ੍ਰਧਾਨ ਪੰਜਾਬ ਡਰੱਗ ਮੈਨੂਫੈਕਚਰਰਜ਼ ਐਸੋਸੀਏਸ਼ਨ ਜਗਦੀਪ ਸਿੰਘ, ਐੱਮਡੀ ਵੋਇਜ਼ਮੇਡ ਗਰੁੱਪ ਆਫ਼ ਕੰਪਨੀਜ਼ ਨੀਰਜ ਗਿਰੀ, ਐੱਮ ਡੀ ਕੋਸਮੋ ਟ੍ਰੈਂਡਜ਼ ਡਾ. ਪ੍ਰਦੀਪ ਮੱਟੂ, ਡਾਇਰੈਕਟਰ ਸਕਾਟ-ਐਡਿਲ ਵੈਸ਼ਾਲੀ ਅਗਰਵਾਲ ਆਦਿ ਸ਼ਾਮਿਲ ਹੋਏ।