ਪੈਟਰੋਲੀਅਮ ਡੀਲਰਜ਼ ਐਸੋਸਸੀਏਸ਼ਨ’ ਵੱਲੋਂ ‘ਐੱਚਪੀਸੀਐੱਲ’ ਦਫ਼ਤਰ ਅੱਗੇ ਧਰਨਾ
ਪੰਜਾਬ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੀ ਕੋਰ ਕਮੇਟੀ ਦੀ ਅਗਵਾਈ ਵਿੱਚ ਅੱਜ ਐੱਸਸੀ ਸ਼੍ਰੇਣੀ ਦੇ ਵਿਕਰੇਤਾਵਾਂ ਵੱਲੋਂ ਆਪਣੀਆਂ ਮੰਗਾਂ ਲਈ ਧਰਨਾ ਦਿੱਤਾ ਗਿਆ। ਇਹ ਧਰਨਾ ਇੱਥੋਂ ਦੇ ਫ਼ੇਜ਼ ਚਾਰ ’ਚ ‘ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ’ ਦੇ ਨੌਰਥ ਫ਼ਰੰਟੀਅਰ ਜ਼ੋਨ ਦਫ਼ਤਰ ਦੇ ਅੱਗੇ ਦਿੱਤਾ ਗਿਆ। ਇਸ ਮੌਕੇ ਪੰਜਾਬ ਭਰ ਤੋਂ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਪੈਟਰੋਲੀਅਮ ਡੀਲਰਾਂ ਨੇ ਸ਼ਮੂਲੀਅਤ ਕੀਤੀ ਤੇ ਕਈ ਐੱਸਸੀ ਸ਼੍ਰੇਣੀ ਐਸੋਸੀਏਸ਼ਨਾਂ ਨੇ ਸਮੂਹਿਕ ਤੌਰ ’ਤੇ ‘ਐੱਚਪੀਸੀਐਲ’ ਤੋਂ ਨਿਆਂ, ਪਾਰਦਰਸ਼ਤਾ ਅਤੇ ਸੰਵਿਧਾਨਕ ਪਾਲਣਾ ਦੀ ਮੰਗ ਕੀਤੀ। ਇਸ ਮੌਕੇ ਪੀਪੀਡੀਏ ਦੇ ਪ੍ਰਧਾਨ ਸੰਦੀਪ ਸਹਿਗਲ ਦੀ ਅਗਵਾਈ ਵਿਚ ਜ਼ੋਨ ਜਨਰਲ ਮੈਨੇਜਰ ਰਾਜਿੰਦਰ ਕੁਮਾਰ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ। ਆਗੂਆਂ ਨੇ ਜਨਰਲ ਮੈਨੇਜਰ ਤੋਂ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਦੀ ਨੀਤੀ ਤੁਰੰਤ ਬੰਦ ਕਰਨ, ਅਨੁਸੂਚਿਤ ਜਾਤੀ ਵਿਕਰੇਤਾਵਾਂ ਦੇ ਮਾਲਕੀ ਅਧਿਕਾਰ ਬਹਾਲ ਕਰਨ, ਰਾਖਵੀਆਂ ਨੀਤੀਆਂ ਦੀ ਪਾਲਣਾ ਕਰਨ, ਕਾਰਪਸ ਫ਼ੰਡ ਸਕੀਮ ਤਹਿਤ ਪੂਰੀ ਸਹਾਇਤਾ ਦੇਣ ਦੀ ਮੰਗ ਕੀਤੀ ਹੈ। ਜਥੇਬੰਦੀ ਦੇ ਸਕੱਤਰ ਜਨਰਲ ਰਾਜੇਸ਼ ਕੁਮਾਰ ਨੇ ਕਿਹਾ ਕਿ ਜੇਕਰ ‘ਐੱਚਪੀਸੀਐੱਲ’ 15 ਅਗਸਤ ਤੱਕ ਮੰਗਾਂ ਦਾ ਹੱਲ ਨਹੀਂ ਕਰਦਾ ਤਾਂ ਜਥੇਬੰਦੀ 16 ਅਗਸਤ ਨੂੰ ਇਸੇ ਸਥਾਨ ’ਤੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰੇਗੀ।