ਪੰਜਾਬ ਵਕਫ਼ ਬੋਰਡ ਦੇ ਪ੍ਰਬੰਧਕਾਂ ਦੀ ਕਾਰਗੁਜ਼ਾਰੀ ਸਵਾਲਾਂ ’ਚ ਘਿਰੀ
ਪਰਮਜੀਤ ਸਿੰਘ ਕੁਠਾਲਾ
ਮਾਲੇਰਕੋਟਲਾ, 14 ਜੁਲਾਈ
ਪੰਜਾਬ ਦੇ ਮੁਸਲਮਾਨਾਂ ਦੀ ਭਲਾਈ ਲਈ ਬਣੇ ਪੰਜਾਬ ਵਕਫ ਬੋਰਡ ਦੇ ਪ੍ਰਬੰਧਕਾਂ ਦੀ ਕਾਰਗੁਜ਼ਾਰੀ ਅਤੇ ਬੋਰਡ ਸਰਮਾਏ ਦੀ ਵਰਤੋਂ ’ਤੇ ਸਵਾਲ ਖੜ੍ਹੇ ਕਰਦਿਆਂ ਮਾਲੇਰਕੋਟਲਾ ਦੇ ਸਮਾਜ ਸੇਵੀਆਂ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ ਮਾਲੇਰਕੋਟਲਾ ਨੰਬਰਦਾਰ ਮੁਹੰਮਦ ਰਮਜ਼ਾਨ, ਚੌਧਰੀ ਲਿਆਕਤ ਅਲੀ ਲਿਆਕੀ ਬਨਭੌਰਾ ਅਤੇ ਐਡਵੋਕੇਟ ਮੁਹੰਮਦ ਜਮੀਲ ਨੇ ਬੋਰਡ ਚੇਅਰਮੈਨ ਨੂੰ ਅਪੀਲ ਕੀਤੀ ਕਿ ਮੁਸਲਮਾਨਾਂ ਦੀ ਮਲਕੀਅਤ ਵਕਫ ਬੋਰਡ ਦੇ ਮਾਲੀਏ ਦੀ ਵਰਤੋਂ ਸਿਰਫ਼ ਮੁਸਲਮਾਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਹੀ ਕੀਤੀ ਜਾਵੇ। ਅੱਜ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਵਕਫ ਬੋਰਡ ਦੇ ਅਹੁਦੇਦਾਰਾਂ ਨੇ ਸਰਕਾਰ ਦੇ ਦਬਾਅ ਹੇਠ ਮਾਲੇਰਕੋਟਲਾ ਮੈਡੀਕਲ ਕਾਲਜ ਲਈ ਕਰੋੜਾਂ ਦੀ ਰਾਸ਼ੀ ਅਲਾਟ ਕਰਕੇ ਮੁਸਲਿਮ ਕੌਮ ਨਾਲ ਕਥਿਤ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ 500 ਕਰੋੜ ਦੇ ਵੱਡੇ ਬਜਟ ਨਾਲ ਸਰਕਾਰੀ ਕਾਲਜ ਬਣਾ ਰਹੀ ਹੈ ਤਾਂ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਗੁਜ਼ਾਰ ਰਹੇ ਮੁਸਲਮਾਨਾਂ ਦਾ ਪੈਸਾ ਵਕਫ ਬੋਰਡ ਵੱਲੋਂ ਕਿਉਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਸਰਕਾਰ ਦੇ ਯੈੱਸਮੈਨ ਬਣ ਕੇ ਪੈਸਾ ਦੇਣਾ ਹੀ ਸੀ ਤਾਂ ਮੇਵਾਤ ਇੰਜਨੀਅਰਿੰਗ ਕਾਲਜ ਵਾਂਗ ਮੁਸਲਮਾਨਾਂ ਲਈ 5-10 ਫ਼ੀਸਦ ਸੀਟਾਂ ਦੀ ਰਿਜ਼ਰਵੇਸ਼ਨ ਮੰਗਣੀ ਚਾਹੀਦੀ ਸੀ। ਉਨ੍ਹਾਂ ਵਕਫ ਬੋਰਡ ਵੱਲੋਂ ਮਾਲੇਰਕੋਟਲਾ ’ਚ ਚਲਾਏ ਜਾ ਰਹੇ ਪੰਜਾਬ ਦੇ ਇਕੋ ਇੱਕ ਮੈਡੀਕਲ ਅਦਾਰੇ ਹਜ਼ਰਤ ਹਲੀਮਾ ਹਸਪਤਾਲ ਦੀ ਕਾਰਗੁਜ਼ਾਰੀ ’ਤੇ ਵੱਡੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਇਸ ਹਸਪਤਾਲ ਵਿਚ ਇਲਾਜ ਪ੍ਰਾਈਵੇਟ ਹਸਪਤਾਲ ਵਾਂਗ ਹੀ ਮਹਿੰਗਾ ਹੈ। ਉਨ੍ਹਾਂ ਵਕਫ ਬੋਰਡ ਦੇ ਕਰੋੜਾਂ ਰੁਪਏ ਨਾਲ ਖਰੀਦ ਕੇ ਪੀਏਪੀ ਜਲੰਧਰ ਕੈਂਪ ਵਿੱਚ ਖੜ੍ਹੀਆਂ ਕੀਤੀਆਂ ‘ਮੌਰਚਰੀ ਬੱਸਾਂ’, ਪੀਐੱਮ ਕੇਅਰ ਵਿੱਚ ਲੱਖਾਂ ਦਾ ਚੰਦੇ ਦੇਣ ਅਤੇ ਈਓਜ਼ ਨੂੰ ਮਹਿੰਗੀਆਂ ਗੱਡੀਆਂ ਖਰੀਦ ਕੇ ਦੇਣ ਦੇ ਫੈਸਲਿਆਂ ’ਤੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਵਕਫ ਬੋਰਡ ਅਧੀਨ ਚੱਲ ਰਹੇ ਸਕੂਲਾਂ ਦਾ ਸਿੱਖਿਆ ਪੱਧਰ ਬਹੁਤ ਡਿੱਗ ਚੁੱਕਿਆ ਹੈ।
ਪੰਜਾਬ ਵਕਫ਼ ਬੋਰਡ ਦੇ ਮੈਂਬਰ ਨੇ ਦੋਸ਼ ਨਕਾਰੇ
ਪੰਜਾਬ ਵਕਫ ਬੋਰਡ ਦੇ ਮੈਂਬਰ ਅਤੇ ਆਮ ਆਦਮੀ ਪਾਰਟੀ ਜ਼ਿਲ੍ਹਾ ਮਾਲੇਰਕੋਟਲਾ ਦੇ ਕੋਆਰਡੀਨੇਟਰ ਸਹਿਬਾਜ਼ ਰਾਣਾ ਨੇ ਵਕਫ ਬੋਰਡ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਨ ਵਾਲਿਆਂ ਨੂੰ ਸੱਦਾ ਦਿੱਤਾ ਕਿ ਉਹ ਸਵਾਲ ਚੁੱਕਣ ਤੋਂ ਪਹਿਲਾਂ ਇਕ ਵਾਰ ਹਜ਼ਰਤ ਹਲੀਮਾਂ ਹਸਪਤਾਲ ਦਾ ਦੌਰਾ ਜ਼ਰੂਰ ਕਰਨ। ਉਨ੍ਹਾਂ ਸਪੱਸ਼ਟ ਕੀਤਾ ਕਿ ਵਕਫ ਬੋਰਡ ਦੇ ਸਾਰੇ ਫੈਸਲੇ ਮੁਸਲਿਮ ਭਾਈਚਾਰੇ ਦੀ ਭਲਾਈ ਲਈ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਹੀ ਲਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਹਲੀਮਾ ਹਸਪਤਾਲ ਵਿਚ ਸਭ ਤੋਂ ਸਸਤਾ ਤੇ ਮਿਆਰੀ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ।