ਧੁੰਦ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧੀਆਂ
ਪੰਜਾਬ ਤੇ ਹਰਿਆਣਾ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਉਪਰਲੇ ਹਿੱਸੇ ਵਿੱਚ ਬਰਫ਼ਬਾਰੀ ਹੋਣ ਕਰਕੇ ਮੈਦਾਨੀ ਇਲਾਕਿਆਂ ਵਿੱਚ ਵਧਣੀ ਸ਼ੁਰੂ ਹੋ ਗਈ ਹੈ ਅਤੇ ਨਾਲ ਹੀ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਤੜਕੇ ਪਈ ਸੰਘਣੀ ਧੁੰਦ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ...
ਪੰਜਾਬ ਤੇ ਹਰਿਆਣਾ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਉਪਰਲੇ ਹਿੱਸੇ ਵਿੱਚ ਬਰਫ਼ਬਾਰੀ ਹੋਣ ਕਰਕੇ ਮੈਦਾਨੀ ਇਲਾਕਿਆਂ ਵਿੱਚ ਵਧਣੀ ਸ਼ੁਰੂ ਹੋ ਗਈ ਹੈ ਅਤੇ ਨਾਲ ਹੀ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਤੜਕੇ ਪਈ ਸੰਘਣੀ ਧੁੰਦ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਅੱਜ ਪੰਜਾਬ ਦੇ ਗੁਰਦਾਸਪੁਰ, ਜਲੰਧਰ, ਕਪੂਰਥਲਾ, ਨਵਾਂ ਸ਼ਹਿਰ, ਲੁਧਿਆਣਾ ਅਤੇ ਪਟਿਆਲਾ ਵਿੱਚ ਕਈ ਥਾਵਾਂ ’ਤੇ ਸੰਘਣੀ ਤੇ ਕਈ ਥਾਵਾਂ ’ਤੇ ਹਲਕੀ ਧੁੰਦ ਪਈ ਹੈ। ਧੁੰਦ ਕਰਕੇ ਕਈ ਸ਼ਹਿਰਾਂ ਵਿੱਚ ਸੜਕਾਂ ’ਤੇ ਦੂਰ ਤੱਕ ‘ਦਿੱਸਣ ਹੱਦ’ ਵੀ ਘਟ ਗਈ। ਇਸ ਦੌਰਾਨ ਅੱਜ ਪੰਜਾਬ ਦਾ ਫਰੀਦਕੋਟ ਸ਼ਹਿਰ ਸਭ ਤੋਂ ਠੰਢਾ ਰਿਹਾ ਹੈ, ਜਿੱਥੇ ਘੱਟ ਤੋਂ ਘੱਟ ਤਾਪਮਾਨ 4.4 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਦੂਜੇ ਪਾਸੇ ਹਰਿਆਣਾ ਵਿੱਚ ਨਾਰਨੌਲ 7.8 ਡਿਗਰੀ ਸੈਲਸੀਅਸ ਤਾਪਮਾਨ ਨਾਲ ਸੂਬੇ ’ਚ ਸਭ ਤੋਂ ਠੰਢਾ ਸਥਾਨ ਰਿਹਾ।
ਮੌਸਮ ਵਿਗਿਆਨੀਆਂ ਨੇ ਪੰਜਾਬ ਵਿੱਚ ਭਾਵੇਂ ਇਹ ਪੂਰਾ ਹਫ਼ਤਾ ਮੌਸਮ ਸਾਫ਼ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ, ਪਰ ਸੂਬੇ ਵਿੱਚ ਚੱਲ ਰਹੀਆਂ ਮੱਠੀਆਂ ਹਵਾਵਾਂ ਕਰਕੇ ਠੰਢ ਨੇ ਜ਼ੋਰ ਫੜ ਲਿਆ ਹੈ। ਅਗਲੇ 3-4 ਦਿਨ ਵੀ ਇਸੇ ਤਰ੍ਹਾਂ ਦਾ ਮੌਸਮ ਰਹੇਗਾ, ਜਦੋਂਕਿ ਰਾਤਾਂ ਦੇ ਨਾਲ-ਨਾਲ ਦਿਨ ਵੀ ਠੰਢੇ ਹੋਣ ਲੱਗ ਪੈਣਗੇ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ਤੇ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 8.3 ਡਿਗਰੀ ਸੈਲਸੀਅਸ, ਲੁਧਿਆਣਾ ’ਚ 7.6, ਪਟਿਆਲਾ ਵਿੱਚ 9.1, ਪਠਾਨਕੋਟ ਵਿੱਚ 7.6, ਬਠਿੰਡਾ ਵਿੱਚ 6.4, ਗੁਰਦਾਸਪੁਰ ਵਿੱਚ 7.8, ਨਵਾਂ ਸ਼ਹਿਰ ਵਿੱਚ 9.3, ਫਿਰੋਜ਼ਪੁਰ ’ਚ 7.5, ਹੁਸ਼ਿਆਰਪੁਰ ’ਚ 7.9, ਮਾਨਸਾ ’ਚ 9.3 ਅਤੇ ਰੋਪੜ ’ਚ 7.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਜੋ ਆਮ ਨਾਲੋਂ 1 ਤੋਂ 2.5 ਡਿਗਰੀ ਤੱਕ ਘੱਟ ਰਿਹਾ ਹੈ।

