ਰਾਵੀ ’ਚ ਪਾਣੀ ਵਧਣ ਕਾਰਨ ਸਰਹੱਦੀ ਖੇਤਰ ਦੇ ਲੋਕ ਸਹਿਮੇ
ਕਥਲੌਰ ਪੁਲ ਨੁਕਸਾਨੇ ਜਾਣ ਦਾ ਖ਼ਤਰਾ; ਪ੍ਰਸ਼ਾਸਨ ਵੱਲੋਂ ਬੰਨ੍ਹ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼
ਮੌਸਮ ਵਿਭਾਗ ਦੀ ਆਗਾਮੀ 5, 6 ਤੇ 7 ਅਕਤੂਬਰ ਨੂੰ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਸਬੰਧੀ ਰਣਜੀਤ ਸਾਗਰ ਡੈਮ ਪ੍ਰਸ਼ਾਸਨ ਵੱਲੋਂ ਕੱਲ੍ਹ ਤੋਂ ਫਲੱਡ ਗੇਟ ਖੋਲ੍ਹ ਕੇ ਰਾਵੀ ਦਰਿਆ ਵਿੱਚ 35 ਹਜ਼ਾਰ ਕਿਊਸਕ ਤੋਂ ਵੱਧ ਪਾਣੀ ਛੱਡਿਆ ਜਾ ਰਿਹਾ ਹੈ। ਰਾਵੀ ਦਰਿਆ ਵਿੱਚ ਵਧੇ ਪਾਣੀ ਨੇ ਜ਼ਿਲ੍ਹੇ ਦੇ ਸਰਹੱਦੀ ਖੇਤਰ ਦੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਪਾਣੀ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਤੱਕ ਪਹੁੰਚ ਗਿਆ ਹੈ, ਜਿਸ ਕਾਰਨ ਲੋਕ ਖ਼ਤਰੇ ਵਿੱਚ ਹਨ। ਖਾਸ ਤੌਰ ’ਤੇ ਕਥਲੌਰ ਪੁਲ ਲਾਗੇ ਕੋਹਲੀਆਂ ਵਿੱਚ ਰਾਵੀ ਦਰਿਆ ਦੇ ਪਾਣੀ ਨਾਲ ਲੰਘੇ ਮਹੀਨੇ 25 ਅਗਸਤ ਨੂੰ ਜੋ ਧੁੱਸੀ ਬੰਨ੍ਹ ਟੁੱਟਿਆ ਸੀ ਉੱਥੇ ਥੋੜ੍ਹੀ ਥਾਂ ਵਿੱਚ ਤਾਂ ਆਰਜ਼ੀ ਤੌਰ ’ਤੇ ਧੁੱਸੀ ਬੰਨ੍ਹ ਰੇਤ ਦੀਆਂ ਬੋਰੀਆਂ ਨਾਲ ਬਣਾ ਦਿੱਤਾ ਗਿਆ ਹੈ ਪਰ ਪੰਮਾ ਪਿੰਡ ਕੋਲ ਅਜੇ ਵੀ 500 ਮੀਟਰ ਦੇ ਕਰੀਬ ਅਜਿਹਾ ਟੋਟਾ ਹੈ ਜਿੱਥੇ ਕੁਝ ਵੀ ਨਹੀਂ ਕੀਤਾ ਗਿਆ ਜਦਕਿ ਉਕਤ ਟੋਟੇ ਵਿੱਚ ਵੀ ਰਾਵੀ ਦਰਿਆ ਇਸ ਵੇਲੇ ਵਗ ਰਿਹਾ ਹੈ। ਸਰਕਾਰ ਵੱਲੋਂ ਰੇਤ ਅਤੇ ਮਿੱਟੀ ਦੀਆਂ ਬੋਰੀਆਂ ਦੀ ਵਰਤੋਂ ਕਰ ਕੇ ਬਣਾਇਆ ਗਿਆ ਆਰਜ਼ੀ ਬੰਨ੍ਹ ਖਿਸਕਣਾ ਸ਼ੁਰੂ ਹੋ ਗਿਆ ਹੈ। ਇਸ ਨੂੰ ਦੇਖ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਆਰਜ਼ੀ ਬੰਨ੍ਹ ਦੀ ਮੁਰੰਮਤ ਅੱਜ ਮੁੜ ਸ਼ੁਰੂ ਕਰ ਦਿੱਤੀ। ਦੱਸਣਯੋਗ ਹੈ ਕਿ ਰਾਵੀ ਦਰਿਆ ਨੇ ਧੁੱਸੀ ਬੰਨ੍ਹ ਨੂੰ ਤੋੜ ਦਿੱਤਾ ਸੀ ਅਤੇ ਆਪਣਾ ਮੁਹਾਣ ਕੋਹਲੀਆਂ ਤੇ ਪੰਮਾ ਪਿੰਡ ਵਾਲੇ ਪਾਸੇ ਕਰ ਲਿਆ ਸੀ। ਉਸ ਵੇਲੇ ਤੋਂ ਲੈ ਕੇ ਹੁਣ ਤੱਕ ਪਾਣੀ ਇਧਰਲੇ ਕਿਨਾਰੇ ਹੀ ਵਗ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਨੁਕਸਾਨ ਰੋਕਣ ਲਈ ਦਰਿਆ ਦੇ ਕੰਢੇ ਮਜ਼ਬੂਤ ਬੰਨ੍ਹ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਦਰਿਆ ਦਾ ਪਾਣੀ ਉਨ੍ਹਾਂ ਨੂੰ ਮੁੜ ਨੁਕਸਾਨ ਪਹੁੰਚਾਏਗਾ। ਜਾਣਕਾਰੀ ਅਨੁਸਾਰ, ਅੱਜ ਵੀ ਰਣਜੀਤ ਸਾਗਰ ਡੈਮ ਤੋਂ 35,321 ਕਿਊਸਕ ਪਾਣੀ ਛੱਡਣ ਦੀਆਂ ਰਿਪੋਰਟਾਂ ਹਨ। ਰਣਜੀਤ ਸਾਗਰ ਡੈਮ ਪ੍ਰਾਜੈਕਟ ਤੋਂ 3 ਫਲੱਡ ਗੇਟ ਇੱਕ-ਇੱਕ ਮੀਟਰ ਖੋਲ੍ਹੇ ਗਏ। ਡੈਮ ਦੀ ਝੀਲ ’ਚ ਪਾਣੀ ਦਾ ਪੱਧਰ ਦੁਪਹਿਰ 3 ਵਜੇ 522.320 ਮੀਟਰ ਦਰਜ ਕੀਤਾ ਗਿਆ ਜਦਕਿ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਸਥਿਤ ਚਮੇਰਾ ਪਣ-ਬਿਜਲੀ ਪ੍ਰਾਜੈਕਟ ਤੋਂ ਇਸ ਸਮੇਂ ਝੀਲ ਵਿੱਚ ਸਿਰਫ਼ 488 ਕਿਊਸਕ ਪਾਣੀ ਦਾਖ਼ਲ ਹੋ ਰਿਹਾ ਹੈ। ਰਣਜੀਤ ਸਾਗਰ ਡੈਮ ਵੀ ਚਾਰ ਯੂਨਿਟਾਂ ਤੋਂ ਪੂਰੀ ਸਮਰੱਥਾ ਨਾਲ 600 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਹੈ।
ਧੁੱਸੀ ਬੰਨ੍ਹ ਪੱਕਾ ਬਣਾਇਆ ਜਾਵੇਗਾ: ਰਾਜਿੰਦਰ ਗੋਇਲ
ਡਰੇਨੇਜ ਵਿਭਾਗ ਦੇ ਐਕਸੀਅਨ ਰਾਜਿੰਦਰ ਗੋਇਲ ਨੇ ਦੱਸਿਆ ਕਿ ਕੋਹਲੀਆਂ ਕੋਲ 1500 ਮੀਟਰ ਦੇ ਕਰੀਬ ਧੁੱਸੀ ਬੰਨ੍ਹ ਰੁੜ੍ਹ ਗਿਆ ਸੀ ਜਿਸ ’ਚੋਂ ਕਾਫੀ ਟੋਟੇ ਵਿੱਚ ਆਰਜ਼ੀ ਬੰਨ੍ਹ ਬਣਾ ਦਿੱਤਾ ਗਿਆ ਹੈ ਤਾਂ ਜੋ ਰਾਵੀ ਦਰਿਆ ਦਾ ਪਾਣੀ ਉੱਥੇ ਮਾਰ ਨਾ ਕਰੇ। ਬਾਕੀ ਬਚੇ ਟੋਟੇ ਬਾਰੇ ਉਨ੍ਹਾਂ ਆਖਿਆ ਕਿ ਦਰਿਆ ਦਾ ਉਕਤ ਹਿੱਸਾ ਕਾਫੀ ਉੱਚਾ ਹੈ, ਉਸ ਥਾਂ ਦਰਿਆ ਦਾ ਪਾਣੀ ਮਾਰ ਨਹੀਂ ਕਰ ਸਕੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਧੁੱਸੀ ਬੰਨ੍ਹ ਪੱਕਾ ਬਣਾਇਆ ਜਾਵੇਗਾ ਤਾਂ ਸਾਰੇ 1500 ਮੀਟਰ ਟੋਟੇ ਵਿੱਚ ਹੀ ਬੰਨ੍ਹਿਆ ਜਾਵੇਗਾ।
ਅਜਨਾਲਾ ਖੇਤਰ ’ਚ ਧੁੱਸੀ ਬੰਨ੍ਹਾਂ ’ਚ ਪਾੜ ਬਰਕਰਾਰ
ਅਜਨਾਲਾ (ਸੁਖਦੇਵ ਸਿੰਘ): ਭਾਰਤ-ਪਾਕਿਸਤਾਨ ਦੀ ਸਰਹੱਦ ਦੇ ਨਾਲ ਵਗਦੇ ਰਾਵੀ ਦਰਿਆ ਵਿੱਚ ਬੀਤੀ ਰਾਤ ਪਾਣੀ ਵਧਣ ਕਾਰਨ ਲੋਕ ਮੁੜ ਸਹਿਮ ਗਏ ਹਨ। ਜਾਣਕਾਰੀ ਅਨੁਸਾਰ ਧੁੱਸੀ ਬੰਨ੍ਹ ਹਾਲੇ ਵੀ ਕਈ ਥਾਵਾਂ ਤੋਂ ਟੁੱਟੇ ਹੋਏ ਹਨ ਅਤੇ ਜੇਕਰ ਦਰਿਆ ਵਿੱਚ ਪਾਣੀ ਦਾ ਪੱਧਰ ਹੋਰ ਵੱਧਦਾ ਹੈ ਤਾਂ ਇਨ੍ਹਾਂ ਟੁੱਟੇ ਹੋਏ ਬੰਨ੍ਹਾਂ ਰਾਹੀਂ ਪਾਣੀ ਫੇਰ ਜ਼ਮੀਨਾਂ ਅਤੇ ਪਿੰਡਾਂ ਵਿੱਚ ਵੜਨਾ ਤੈਅ ਹੈ। ਹਰਪਿੰਦਰ ਸਿੰਘ ਨੰਗਲ ਫੁੰਮਣ ਸਿੰਘ ਅਤੇ ਜੱਜ ਸਿੰਘ ਨੰਗਲ ਨੇ ਦੱਸਿਆ ਕਿ ਦਰਿਆ ਅਤੇ ਡਰੇਨ ਦੇ ਅਜੇ ਵੀ ਕਈ ਬੰਨ੍ਹ ਟੁੱਟੇ ਹੋਏ ਹਨ। ਕਿਸਾਨ ਗੁਰਿੰਦਰ ਬੀਰ ਸਿੰਘ ਮਾਹਲ ਅਤੇ ਹਰਪਾਲ ਸਿੰਘ ਨੇ ਦੱਸਿਆ ਕਿ ਪਾਣੀ ਆਉਣ ਦੀਆਂ ਅਫ਼ਵਾਵਾਂ ਨੇ ਕਿਸਾਨਾਂ ਨੂੰ ਮੁੜ ਚਿੰਤਾ ਵਿੱਚ ਪਾ ਦਿੱਤਾ ਹੈ ਕਿਉਂਕਿ ਪਾਣੀ ਵਧਣ ਕਾਰਨ ਰਹਿੰਦੀ ਫ਼ਸਲ ਵੀ ਖ਼ਰਾਬ ਹੋਣ ਦਾ ਖ਼ਦਸ਼ਾ ਹੈ। ਅੱਜ ਤਹਿਸੀਲ ਪ੍ਰਸ਼ਾਸਨ ਅਜਨਾਲਾ ਵੱਲੋਂ ਰਾਵੀ ਦਰਿਆ ਨੇੜਲੇ ਪਿੰਡਾਂ ਰੂੜੇਵਾਲ, ਥੋਬਾ, ਦਰੀਆ, ਕੋਟਰਜਾਦਾ ਤੇ ਮਲਕਪੁਰ ਆਦਿ ਪਿੰਡਾਂ ਵਿੱਚ ਲੋਕਾਂ ਨੂੰ ਸੰਭਾਵੀ ਹੜ੍ਹ ਦੇ ਖ਼ਤਰੇ ਨੂੰ ਮੁੱਖ ਰੱਖਦਿਆਂ ਸੁਚੇਤ ਕਰਨ ਲਈ ਅਨਾਊਂਸਮੈਂਟਾਂ ਵੀ ਕੀਤੀਆਂ ਗਈਆਂ।