ਮਾਧੋਪੁਰ ਹੈੱਡਵਰਕਸ ਗੇਟ ਟੁੱਟਣ ਤੋਂ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ: ਮੁੱਖ ਇੰਜਨੀਅਰ
ਸ਼ੇਰ ਸਿੰਘ ਵੱਲੋਂ ਮਾਧੋਪੁਰ ਦਾ ਦੌਰਾ; ਇੰਜਨੀਅਰਾਂ ਨਾਲ ਕੀਤੀ ਮੀਟਿੰਗ; ਪਾਣੀ ਵਿੱਚ ਰੁਡ਼੍ਹੀ ਬੱਚੀ ਦੀ ਲਾਸ਼ ਮਿਲੀ
Advertisement
ਵਾਟਰ ਰਿਸੋਰਸਜ਼ ਵਿਭਾਗ ਦੇ ਮੁੱਖ ਇੰਜਨੀਅਰ ਸ਼ੇਰ ਸਿੰਘ ਨੇ ਅੱਜ ਮਾਧੋਪੁਰ ਦਾ ਦੌਰਾ ਕੀਤਾ ਅਤੇ ਉਥੇ ਬੀਤੇ ਕੱਲ੍ਹ ਟੁੱਟੇ 3 ਗੇਟਾਂ ਅਤੇ ਰੁੜ੍ਹ ਗਏ ਮੁਲਾਜ਼ਮ ਵਾਲੀ ਥਾਂ ਦਾ ਜਾਇਜ਼ਾ ਲਿਆ। ਉਨ੍ਹਾਂ ਉਥੇ ਮੌਜੂਦ ਇੰਜਨੀਅਰਾਂ ਨਾਲ ਮੀਟਿੰਗ ਕੀਤੀ ਤੇ ਬਾਅਦ ਵਿੱਚ ਉਹ ਮਾਧੋਪੁਰ ਤੋਂ ਹੜ੍ਹ ਦੇ ਪਾਣੀ ਨਾਲ ਪ੍ਰਭਾਵਿਤ ਹੋਰ ਸਥਾਨਾਂ ਦਾ ਜਾਇਜ਼ਾ ਲੈਣ ਚਲੇ ਗਏ। ਇਸ ਮੌਕੇ ਉਨ੍ਹਾਂ ਕਿਹਾ ਕਿ ਲੰਘੇ ਕੱਲ੍ਹ ਜੋ 3 ਗੇਟ ਟੁੱਟ ਕੇ ਰੁੜ੍ਹ ਗਏ ਹਨ, ਉਨ੍ਹਾਂ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ। ਹੈੱਡਵਰਕਸ ਦੇ ਕੁੱਲ 54 ਗੇਟ ਹਨ ਅਤੇ ਅੰਗਰੇਜ਼ਾਂ ਵੇਲੇ ਦੇ ਬਣੇ ਹੋਏ ਹਨ। ਇਹ ਤਾਂ ਇੱਕ ਤਰ੍ਹਾਂ ਨਾਲ ਖੰਡਰਾਤ ਹੀ ਹਨ ਕਿਉਂਕਿ ਹੁਣ ਸ਼ਾਹਪੁਰਕੰਢੀ ਡੈਮ ਦਾ ਹੈੱਡ ਰੈਗੂਲੇਟਰ ਬਣ ਚੁੱਕਿਆ ਹੈ ਅਤੇ ਉਥੇ ਵੀ ਰਣਜੀਤ ਸਾਗਰ ਡੈਮ ਦੀ ਝੀਲ ਤੋਂ ਇਲਾਵਾ ਇੱਕ ਨਵੀਂ ਝੀਲ ਹੋਂਦ ਵਿੱਚ ਆ ਚੁੱਕੀ ਹੈ। ਉਥੋਂ ਹੀ ਨਵੇਂ ਹੈੱਡ ਰੈਗੂਲੇਟਰ ਤੋਂ ਪਾਣੀ ਕੰਟਰੋਲ ਕੀਤਾ ਜਾਵੇਗਾ ਭਾਵ ਪੰਜਾਬ ਦੀਆਂ ਨਹਿਰਾਂ (ਯੂਬੀਡੀਸੀ ਹਾਈਡਲ ਤੇ ਐੱਮਬੀ ਲਿੰਕ ਨਹਿਰ) ਨੂੰ ਛੱਡਿਆ ਜਾਵੇਗਾ। ਅੱਜ ਰਣਜੀਤ ਸਾਗਰ ਡੈਮ ਦੀ ਝੀਲ ਅੰਦਰ ਪਾਣੀ ਦਾ ਪੱਧਰ 525.150 ਮੀਟਰ ਦਰਜ ਕੀਤਾ ਗਿਆ। ਉਧਰ, ਦੋ ਦਿਨ ਪਹਿਲਾਂ ਆਏ ਹੜ੍ਹ ਦੇ ਪਾਣੀ ਨੇ ਕਥਲੌਰ ਵਿਖੇ ਧੁੱਸੀ ਬੰਨ੍ਹ ਨੂੰ ਤੋੜ ਦਿੱਤਾ ਸੀ ਅਤੇ ਪਾਣੀ ਕੋਹਲੀਆਂ, ਪੋਲਾ ਆਦਿ ਪਿੰਡਾਂ ਵਿੱਚ ਜਾ ਵੜਿਆ ਸੀ। ਇੱਕ 9 ਸਾਲਾ ਗੁੱਜਰ ਬੱਚੀ ਦੀ ਲਾਸ਼ ਅੱਜ ਹੜ੍ਹ ਦੇ ਪਾਣੀ ਵਿੱਚ ਤੈਰਦੀ ਮਿਲੀ। ਜਦਕਿ ਉਸ ਦੇ 3 ਹੋਰ ਪਰਿਵਾਰਕ ਮੈਂਬਰ ਵੀ ਗੁੰਮ ਹਨ।
Advertisement
Advertisement