ਹਥਿਆਰ ਬਰਾਮਦਗੀ ਦੌਰਾਨ ਪੁਲੀਸ ਉੱਤੇ ਹਮਲਾ ਕਰਕੇ ਭੱਜਣ ਦੀ ਕੋਸ਼ਿਸ਼ ਦੌਰਾਨ ਗੋਲੀਬਾਰੀ ਦੀ ਘਟਨਾ ਵਿੱਚ ਦੋ ਮੁਲਜ਼ਮ ਜ਼ਖਮੀ ਹੋ ਗਏ। ਪੁਲੀਸ ਨੇ ਉਨ੍ਹਾਂ ਕੋਲੋਂ ਇਕ 30 ਬੋਰ ਪਿਸਤੌਲ, 3 ਜ਼ਿੰਦਾ ਰੌਂਦ ਅਤੇ ਖੋਲ ਬਰਾਮਦ ਕੀਤੇ ਹਨ।
ਜ਼ਿਲ੍ਹਾ ਦਿਹਾਤੀ ਪੁਲੀਸ ਦੇ ਐਸਐਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਅਮਨਦੀਪ ਸਿੰਘ ਇੰਚਾਰਜ ਏ.ਜੀ.ਐਸ ਅਤੇ ਐਸ.ਆਈ ਆਗਿਆਪਾਲ ਸਿੰਘ ਮੁੱਖ ਅਫਸਰ ਥਾਣਾ ਰਮਦਾਸ ਵੱਲੋ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਦੋ ਮੁਲਜ਼ਮ ਅਭੀਨਾਸ਼ ਕੁਮਾਰ ਵਾਸੀ ਕਰਨਾਲ, ਆਜ਼ਾਦ ਪੁੱਤਰ ਨਿਵਾਸੀ ਸ਼ਿਵਾਜੀ ਕਲੋਨੀ, ਕਰਨਾਲ ਨੂੰ ਇੱਕ ਪਿਸਤੌਲ ਅਤੇ ਜ਼ਿੰਦਾ ਰੌਂਦ ਸਮੇਤ ਗ੍ਰਿਫਤਾਰ ਕੀਤਾ ਹੈ।
ਇਨ੍ਹਾਂ ਨੇ 8 ਅਕਤੂਬਰ ਨੂੰ ਇੱਕ ਵੈਲਡਿੰਗ ਸ਼ਾਪ ਮਾਲਕ ਉੱਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਸੀ ਜਿਸ ਸਬੰਧੀ ਥਾਣਾ ਰਮਦਾਸ ਪੁਲੀਸ ਵੱਲੋਂ ਇੱਕ ਕੇਸ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ ਸੀ। ਇਸ ਦੌਰਾਨ ਪੁਲੀਸ ਨੇ ਉਕਤ ਘਟਨਾ ਦੇ ਸਬੰਧ ਵਿੱਚ ਅਭੀਨਾਸ਼ ਕੁਮਾਰ ਵਾਸੀ ਕਰਨਾਲ, ਆਜ਼ਾਦ ਵਾਸੀ ਕਰਨਾਲ ਅਤੇ ਤਰਜੀਤ ਸਿੰਘ ਵਾਸੀ ਕਰਨਾਲ ਨੂੰ ਕਰਨਾਲ ਤੋਂ ਗ੍ਰਿਫਤਾਰ ਕੀਤਾ ਸੀ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅੱਜ ਜਦੋਂ ਪੁਲੀਸ ਪਾਰਟੀ ਵੱਲੋਂ ਅਭੀਨਾਸ਼ ਕੁਮਾਰ ਅਤੇ ਆਜ਼ਾਦ ਨੂੰ ਹਥਿਆਰ ਦੀ ਬਰਾਮਦਗੀ ਲਈ ਮੌਕੇ ’ਤੇ ਲਿਜਾਇਆ ਗਿਆ ਤਾਂ ਮੁਲਜ਼ਮਾਂ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਕੀਤੀ ਗਈ ਜਿਸ ਦੌਰਾਨ ਦੋਵਾਂ ਨੇ ਛੁਪਾ ਕੇ ਰੱਖੇ ਪਿਸਤੌਲ ਨੂੰ ਕੱਢਣ ਤੋਂ ਬਾਅਦ ਪੁਲੀਸ ਪਾਰਟੀ ਉੱਤੇ ਹਮਲਾ ਕਰਦਿਆਂ ਗੋਲੀ ਚਲਾਈ। ਪੁਲੀਸ ਵੱਲੋਂ ਵੱਲੋਂ ਸਵੈ-ਰੱਖਿਆ ਵਿੱਚ ਜਵਾਬੀ ਕਾਰਵਾਈ ਕਰਦਿਆਂ ਗੋਲੀ ਚਲਾਈ, ਜਿਸ ਵਿੱਚ ਦੋਵਾਂ ਮੁਲਜ਼ਮਾਂ ਦੇ ਪੈਰਾਂ ਵਿੱਚ ਗੋਲੀ ਲੱਗੀ ਹੈ। ਇਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ
ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਗੈਂਗਸਟਰ ਜੀਵਨ ਫੌਜੀ ਦੇ ਸਾਥੀ ਹਨ ਜਿਨ੍ਹਾਂ ਨੂੰ ਵਿਦੇਸ਼ ਤੋਂ ਫੰਡਿੰਗ ਕੀਤੀ ਜਾ ਰਹੀ ਸੀ।

