ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਦੋ ਮੰਤਰੀਆਂ ਨੂੰ ਲੋਕਾਂ ਨੇ ਦੁੱਖੜੇ ਸੁਣਾਏ
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਜੰਗਲਾਤ ਤੇ ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਰਾਵੀ ਦਰਿਆ ਵਿੱਚ ਆਏ ਹੜ੍ਹ ਦੇ ਪਾਣੀ ਨਾਲ ਪ੍ਰਭਾਵਿਤ ਕਥਲੌਰ, ਕੋਹਲੀਆਂ ਅੱਡਾ ਅਤੇ ਪੰਮਾ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਉਥੇ ਹੜ੍ਹ ਦੇ ਪਾਣੀ ਨਾਲ ਹੋਈ ਵਿਆਪਕ ਤਬਾਹੀ ਦੇ ਮੰਜ਼ਰ ਨੂੰ ਦੇਖਿਆ ਅਤੇ ਲੋਕਾਂ ਨਾਲ ਗੱਲਬਾਤ ਕੀਤੀ। ਦੁਕਾਨਦਾਰਾਂ ਨੇ ਮੰਤਰੀਆਂ ਨੂੰ ਦੱਸਿਆ ਕਿ ਉਨ੍ਹਾਂ ਦਾ ਤਾਂ ਸਾਰਾ ਸਮਾਨ ਮਸ਼ੀਨਰੀ ਅਤੇ ਘਰਾਂ ਦਾ ਸਮਾਨ ਰੁੜ੍ਹ ਗਿਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਤਾਂ ਸਾਰੀ ਉਮਰ ਦੀ ਕਮਾਈ ਪਾਣੀ ਦੀ ਭੇਂਟ ਚੜ੍ਹ ਗਈ ਹੈ। ਪਾਣੀ 25 ਤਰੀਕ ਨੂੰ ਤੜਕੇ 4 ਵਜੇ ਇੰਨੀ ਭਾਰੀ ਮਾਤਰਾ ਆਇਆ ਕਿ ਉਹ ਆਪਣੇ ਜੀਆਂ ਨੂੰ ਹੀ ਮਸਾਂ ਬਚਾ ਸਕੇ। ਮੰਤਰੀਆਂ ਨੇ ਦੇਖਿਆ ਕਿ ਰਣਜੀਤ ਸਾਗਰ ਡੈਮ ਤੋਂ ਜ਼ਿਆਦਾ ਪਾਣੀ ਆ ਜਾਣ ਨਾਲ ਰਾਵੀ ਦਰਿਆ ਨੇ ਆਪਣਾ ਰੁਖ ਹੀ ਬਦਲ ਲਿਆ ਅਤੇ ਕੋਹਲੀਆਂ ਅੱਡੇ ਕੋਲ ਅੱਜ ਵੀ ਪਾਣੀ ਨੇ ਢਾਹ (ਖੋਰਾ) ਲਾਈ ਹੋਈ ਸੀ। ਜਦ ਕਿ ਡਰੇਨੇਜ ਵਿਭਾਗ ਵਾਲੇ ਉਥੇ ਸੜਕ ਨੂੰ ਬਚਾਉਣ ਲਈ ਰੇਤਾ ਦੀਆਂ ਬੋਰੀਆਂ ਵਗੈਰਾ ਭਰਵਾ ਰਹੇ ਸਨ ਤਾਂ ਜੋ ਦਰਿਆ ਦੇ ਪਾਣੀ ਤੋਂ ਸੜਕ ਨੂੰ ਰੁੜ੍ਹਨ ਤੋਂ ਬਚਾਇਆ ਜਾ ਸਕੇ। ਕਈ ਗੁੱਜਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਤਾਂ ਛੰਨ ਹੀ ਦਰਿਆ ਦੇ ਪਾਣੀ ਦੇ ਬੁਰਦ ਹੋ ਚੁੱਕੇ ਹਨ ਤੇ ਹੁਣ ਉਹ ਆਪਣੇ ਡੰਗਰ ਕਥਲੌਰ ਦੇ ਬੰਨ੍ਹ ਉਪਰ ਬਿਠਾਈ ਬੈਠੇ ਹਨ। ਇੱਕ ਗੁੱਜਰ ਦੀ 9 ਸਾਲਾ ਬੱਚੀ ਡੁੱਬ ਕੇ ਮਰ ਗਈ ਹੈ। ਜਦ ਕਿ ਉਸ ਦੀ ਇੱਕ ਹੋਰ ਬੱਚੀ ਤੇ ਪਤਨੀ ਦੀ ਲਾਸ਼ ਅਜੇ ਤੱਕ ਨਹੀਂ ਮਿਲੀ ਜਿਸ ’ਤੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਉਕਤ ਗੁੱਜਰ ਨੂੰ 50 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਦਿੱਤੀ।
ਦੋਹਾਂ ਮੰਤਰੀਆਂ ਨੇ ਉਥੇ ਪੰਮਾ ਪਿੰਡ ਦੇ ਪੈਟਰੋਲ ਪੰਪ ’ਤੇ ਲਗਾਏ ਗਏ ਸਿਹਤ ਵਿਭਾਗ ਦੇ ਮੈਡੀਕਲ ਕੈਂਪ ਦਾ ਵੀ ਨਿਰੀਖਣ ਕੀਤਾ ਤੇ ਬਾਅਦ ਵਿੱਚ ਉਹ ਨਰੋਟ ਜੈਮਲ ਸਿੰਘ ਦੇ ਕਮਿਊਨਿਟੀ ਹੈਲਥ ਸੈਂਟਰ ਅਤੇ ਸਰਕਾਰੀ ਸਕੂਲ ਵਿੱਚ ਬਣਾਏ ਰਾਹਤ ਕੇਂਦਰ ਵਿੱਚ ਵੀ ਗਏ।